ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 16, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ

ਦੋਸਤੋ! ਇਸ ਗ਼ਜ਼ਲ ਨੂੰ ਚਾਰ ਚੰਦ ਲਾਉਂਦਾ ਇਹ ਬੇਹੱਦ ਖ਼ੂਬਸੂਰਤ ਰੇਖਾ-ਚਿੱਤਰ ਟਰਾਂਟੋ, ਕੈਨੇਡਾ ਤੋਂ ਪ੍ਰਤੀਕ ਜੀ ਨੇ ਭੇਜਿਆ ਹੈ। ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ।
ਗ਼ਜ਼ਲ
ਪਲ ‘ਚ ਭੁਜਦੀ ਜਿੰਦ ਠਾਰੀ ਚਾਨਣੀ ਨੇ।
ਏਨੀ ਠੰਢੀ ਹਾਕ ਮਾਰੀ ਚਾਨਣੀ ਨੇ।
----
ਇਉਂ ਚੁਫ਼ੇਰੇ ਝਾਤ ਮਾਰੀ ਚਾਨਣੀ ਨੇ।
ਰੌਸ਼ਨੀ ਥਾਂ ਥਾਂ ਖਿਲਾਰੀ ਚਾਨਣੀ ਨੇ।
----
ਕੁਝ ਨ ਪੁਛ, ਡਿੱਠਾ ਮੈਂ ਕੀ ਜਦ ਖੋਲ੍ਹ ਦਿੱਤੀ,
ਮਨ ਦੀਆਂ ਅੱਖਾਂ ਦੀ ਬਾਰੀ ਚਾਨਣੀ ਨੇ।
----
ਮੈਂ ਨ ਮਿਲ਼ ਸਕਿਆ, ਹਨੇਰੇ ‘ਚੋਂ ਬਥੇਰਾ,
ਭਾਲ਼ਿਆ ਮੈਨੂੰ ਵਿਚਾਰੀ ਚਾਨਣੀ ਨੇ।
----
ਆਏ ਸੁੱਕਣ ਵਿਚ ਨਾ ਹੰਝੂ ਤਾਰਿਆਂ ਦੇ,
ਰਾਤ ਰੋ ਰੋ ਕੇ ਗੁਜ਼ਾਰੀ ਚਾਨਣੀ ਨੇ।
----
ਵਕਤ ਦੀ ਰਿਸ਼ਮਾਂ ਸ਼ਿੰਗਾਰੀ ਪਾਲਕੀ ਸੀ,
ਰਾਤ ਭਰ ਮਾਣੀ ਸਵਾਰੀ ਚਾਨਣੀ ਨੇ।
----
ਯਾਦ ਸੀ ਤੇਰੀ ਕਿ ਸੀ ਕਾਗਜ਼ ਦੀ ਬੇੜੀ,
ਪਾਰ ਜੋ ਛੇਕੜ ਉਤਾਰੀ ਚਾਨਣੀ ਨੇ।
----
ਚੰਨ ਜਿੱਧਰ ਟਿੱਭ ਗਿਆ ਦੇ ਕੇ ਭੁਲਾਵਾ,
ਓਧਰੇ ਮਾਰੀ ਉਡਾਰੀ ਚਾਨਣੀ ਨੇ।
----
ਕਾਲ਼ਿਆਂ ਬਦਲਾਂ ਦੇ ਲੜ ਸਿਰ ‘ਤੇ ਵਲ੍ਹੇਟੇ,
ਸ਼ਕਲ ਪਰਛਾਵੇਂ ਦੀ ਧਾਰੀ ਚਾਨਣੀ ਨੇ।
----
ਵੇਖਿਆ ਕਿੱਦਾਂ ਮੈਂ ਗੁੰਮ-ਸੁੰਮ ਖੜ੍ਹਾ ਸਾਂ,
ਨੀਝ ਲਾ ਕੇ ਪਿਆਰੀ ਪਿਆਰੀ ਚਾਨਣੀ ਨੇ।
----
ਰੌਸ਼ਨੀ ਦਿੱਤੀ ਖਿਡਾ ਵਿਹੜੇ ‘ਚ ਥਾਂ ਥਾਂ,
ਡੋਲ੍ਹ ਕੇ ਚਾਨਣ ਦੀ ਝਾਰੀ ਚਾਨਣੀ ਨੇ।

No comments: