ਦੋਸਤੋ! ਇੱਕ ਈਮੇਲ ਲਿਖੀਆਂ ਦਰਸ਼ਨ ਦਰਵੇਸ਼ ਜੀ ਦੀਆਂ ਚੰਦ ਖ਼ੂਬਸੂਰਤ ਸਤਰਾਂ, ਤੇ ਉਹਨਾਂ ਦੇ ਜਵਾਬ ‘ਚ ਲਿਖੇ ਮੇਰੇ ਲਫ਼ਜ਼ਾਂ ਨੇ ਇੱਕ ਵਾਰ ਫੇਰ ‘ਸਾਹਿਤਕ ਜੁਗਲਬੰਦੀ’ ਦਾ ਰੂਪ ਲੈ ਲਿਆ...ਤਾਂ ਸੋਚਿਆ ਅੱਜ ਕਿਉਂ ਨਾ ਇਹ ਜੁਗਲਬੰਦੀ ਤੁਹਾਡੀ ਨਜ਼ਰ ਕਰਕੇ ਹਾਜ਼ਰੀ ਲਵਾਈ ਜਾਵੇ!
----
ਟੁੱਟੇ ਤਾਰਿਆਂ ਦੇ ਨਾਂ...
ਦਰਸ਼ਨ ਦਰਵੇਸ਼
ਤੇਰੇ ਦੋ ਅੱਥਰੂ....
ਓਧਰ ਵੇਖ ਰਹੇ ਸਨ
ਜਿੱਧਰੋਂ ਪਾਣੀ ਆ ਰਿਹਾ ਸੀ।
ਮੇਰੇ ਦੋ ਅੱਥਰੂ....
ਓਧਰ ਵੇਖ ਰਹੇ ਸਨ
ਜਿੱਧਰ ਪਾਣੀ ਜਾ ਰਿਹਾ ਸੀ।
ਅਸੀਂ ਦੋਵੇਂ...
ਇੱਕ ਪੁਲ਼ ਤੋਂ ਗੁਜ਼ਰ ਰਹੇ ਸੀ!
=========
ਤਨਦੀਪ ‘ਤਮੰਨਾ’
ਅਲਵਿਦਾ ਦੀ ਸ਼ਾਮ
ਛਾ ਰਹੇ ਕੋਹਰੇ ਨੂੰ
ਸੁਨਹਿਰੀ ਕਿਰਨਾਂ ਦਾ
ਆਖਰੀ ਬੋਸਾ ਸੀ।
ਸਾਰੰਗੀ ਦੇ
ਖ਼ਾਮੋਸ਼ ਬੁੱਲ੍ਹਾਂ ‘ਤੇ
ਕੋਈ ਜ਼ਖ਼ਮੀ ਜਿਹਾ ਰਾਗ ਸੀ
ਚੁੱਪ ਵਿੱਚ
ਉਮਰ ਭਰ ਦੀ ਗੁਫ਼ਤਗੂ
ਕੈਦ ਕਰ
ਦਰਦ ਦਾ ਬਪਤਿਸਮਾ ਲੈ
ਹੰਝੂਆਂ ਨੇ
ਡੰਗ ਬਚਾ ਕੇ
ਰੱਖ ਲਏ ਸਨ।
ਅਸੀਂ ਦੋਵੇਂ...
ਇੱਕ ਪੁਲ਼ ਤੋਂ ਗੁਜ਼ਰ ਰਹੇ ਸੀ!
ਘੋੜਾ ਤੇਰਾ ਵੀ
ਉਡੀਕਦਾ ਸੀ!
ਤੇ.......
ਪਾਲਕੀ ਮੇਰੀ ਵੀ
ਤਿਆਰ ਸੀ!
1 comment:
Bahut khoob! Darshan Darvesh ji ki ye satareN mukammal kavitayeN hain. Dil ko chhu gayi. Kiya Darshan Darvesh ji ka email ya phone number mil sakta hai?
-Subhash Neerav
9810534373
www.setusahitya.blogspot.com
www.srijanyatra.blogspot.com
Post a Comment