ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, January 27, 2009

ਹਰਿਭਜਨ ਹਲਵਾਰਵੀ - ਗ਼ਜ਼ਲ

ਗ਼ਜ਼ਲ

ਬਣੀ ਹੈ ਉਮਰ ਅਣਕੀਤੇ ਗੁਨਾਹਾਂ ਦੀ ਸਜ਼ਾ ਵਰਗੀ।

ਕਿਹੜਾ ਹੈ ਦੇ ਗਿਆ ਸਾਨੂੰ ਦੁਆ ਇਹ ਬਦ-ਦੁਆ ਵਰਗੀ।

----

ਜਦੋਂ ਅਰਪੀ ਸੀ ਤੈਨੂੰ ਜਿੰਦ ਸੀ ਮਘਦੀ ਸ਼ੁਆ ਵਰਗੀ,

ਤੇਰੇ ਸੂਰਜ ਬਿਨ੍ਹਾ ਇਹ ਹੋ ਗਈ ਨੇਰ੍ਹੀ ਗੁਫ਼ਾ ਵਰਗੀ।

----

ਦ੍ਰਿਸ਼ ਦਿਲ-ਖਿੱਚਵੇਂ ਤੇ ਝਿਲਮਿਲਾਂਦੇ ਰੰਗ ਸਭ ਤੇਰੇ,

ਮੇਰੇ ਹਿੱਸੇ ਚ ਆਈ ਪੀੜ ਸਾਹਾਂ ਦੀ ਹਵਾ ਵਰਗੀ।

----

ਦੇਖਾਂ ਉਸ ਨੂੰ ਹਰ ਵਾਰੀ ਮੇਰੀ ਦਹਿਲੀਜ਼ ਤੋਂ ਮੁੜਦਾ,

ਅਸਾਡੀ ਨੇੜਤਾ ਹੋਈ ਨਾ-ਆਖੀ ਅਲਵਿਦਾ ਵਰਗੀ।

----

ਬੜਾ ਉਨਮਾਦ ਹੈ, ਵਿਸਮਾਦ ਹੈ, ਸੁਪਨੇ ਨੇ ਸੰਸੇ ਨੇ,

ਕਿਉਂ ਸਭ ਕੁਝ ਹੁੰਦਿਆਂ ਵੀ ਹੋਂਦ ਲੱਗਦੀ ਹੈ ਖ਼ਿਲਾ ਵਰਗੀ।

----

ਹਾਂ ਠਾਠਾਂ ਮਾਰਦੇ ਸਾਗਰ ਦੀਆਂ ਛੱਲਾਂ ਚ ਰੁੜ੍ਹ ਚੱਲੇ,

ਨਾ ਤਿਣਕੇ ਦਾ ਸਹਾਰਾ ਹੈ ਨਾ ਉਂਗਲ਼ੀ ਹੈ ਦਿਸ਼ਾ ਵਰਗੀ।

----

ਮੇਰੀ ਤਲਾਸ਼ ਮੋਹ ਮੇਰਾ ਤਾਂ ਬੰਦੇ ਤਕ ਸੀਮਤ ਨੇ,

ਉਹ ਕਾਹਤੋਂ ਫਿਰ ਰਿਹੈ ਐਵੇਂ ਸ਼ਕਲ ਧਾਰੀ ਖ਼ੁਦਾ ਵਰਗੀ।

No comments: