ਗ਼ਜ਼ਲ
ਲਾਲ, ਪੀਲ਼ੀ, ਸੰਦਲੀ ਸੀ ਰੇਤ ਮੇਰੇ ਜਿਸਮ ਦੀ।
ਰੰਗ, ਖ਼ੁਸ਼ਬੂ, ਚਾਂਦਨੀ ਸੀ ਰੇਤ ਮੇਰੇ ਜਿਸਮ ਦੀ।
----
ਰਾਤ ਭਰ ਉਡਦੀ ਰਹੀ ਸੀ ਰੇਤ ਮੇਰੇ ਜਿਸਮ ਦੀ।
ਜਾਗਿਆ ਤਾਂ ਰੇਤ ਹੀ ਸੀ, ਰੇਤ ਮੇਰੇ ਜਿਸਮ ਦੀ।
----
ਜਿਸ ਸਮੇਂ ਸੀ ਹੁਸਨ ਤੇਰਾ ਵਾਂਗ ਸੂਰਜ ਦਹਿਕਦਾ,
ਉਸ ਸਮੇਂ ਤਾਂ ਇਕ ਨਦੀ ਸੀ ਰੇਤ ਮੇਰੇ ਜਿਸਮ ਦੀ।
----
ਜਿਸਮ ਮੇਰਾ ਡੁਬ ਗਿਆ ਸੀ ਪਾਣੀਆਂ ਦੀ ਰੇਤ ਵਿਚ,
ਸਤਹਿ ਉੱਤੇ ਤੈਰਦੀ ਸੀ ਰੇਤ ਮੇਰੇ ਜਿਸਮ ਦੀ।
----
ਹੁਣ ਮੈਂ ਮਾਰੂਥਲ ‘ਚ ਅਪਣੀ ਹੋਂਦ ਨੂੰ ਲੱਭਦਾ ਪਿਆਂ,
ਸ਼ਹਿਰ ‘ਚੋਂ ਨਈਂ ਲੱਭਦੀ ਸੀ ਰੇਤ ਮੇਰੇ ਜਿਸਮ ਦੀ।
----
ਮੈਂ ਬਥੇਰਾ ਪਾਰ ਅਪਣੇ ਜਿਸਮ ‘ਚੋਂ ਦੀ ਲੰਘਿਆ,
ਜਿਸਮ ਦੇ ਪਰ ਪਾਰ ਵੀ ਸੀ ਰੇਤ ਮੇਰੇ ਜਿਸਮ ਦੀ।
----
ਰਿਸ਼ਤਿਆਂ ‘ਚ ਬੱਝ ਕੇ ਵੀ ਅਜਨਬੀ ਲਗਦੀ ਰਹੀ,
ਕਹਿਣ ਨੂੰ ਬਸ ਆਪਣੀ ਹੀ ਸੀ ਰੇਤ ਮੇਰੇ ਸ਼ਹਿਰ ਦੀ।
----
ਲੋਕ ਜਿਸਨੂੰ ਆਖਦੇ ਸੀ ਝੀਲ ਪਾਣੀ ਦੀ ‘ਕਵਲ’,
ਰੇਤ ਮੇਰੇ ਜਿਸਮ ਦੀ ਸੀ, ਰੇਤ ਮੇਰੇ ਜਿਸਮ ਦੀ।
No comments:
Post a Comment