ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 1, 2009

ਪ੍ਰਿੰ: ਤਖ਼ਤ ਸਿੰਘ - ਗ਼ਜ਼ਲ - ਨਵਾਂ ਸਾਲ ਮੁਬਾਰਕ

ਦੋਸਤੋ! ਅੱਜ ਨਵੇਂ ਵਰ੍ਹੇ ਦੇ ਪਹਿਲੇ ਦਿਨ, ਪ੍ਰਿੰ: ਤਖ਼ਤ ਸਿੰਘ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਨਾਲ਼ ਸਭ ਪਾਠਕ / ਲੇਖਕ ਸਾਹਿਬਾਨ ਨੂੰ 'ਆਰਸੀ' ਤੇ ਖ਼ੁਸ਼ਆਮਦੀਦ ਅਤੇ 'ਨਵਾਂ ਸਾਲ ਮੁਬਾਰਕ' ਆਖ ਰਹੀ ਹਾਂ।
ਗ਼ਜ਼ਲ

ਕਣ ਕਣ ਨੂੰ ਹੈ ਦੇ ਰਹੀ ਸੁਨੇਹਾ ਹਵਾ ਨਵਾਂ,

ਥਾਂ ਥਾਂ ਖਿੰਡਾਉਂਦਾ ਆ ਗਿਆ ਮਹਿਕਾਂ ਵਰ੍ਹਾ ਨਵਾਂ।

----

ਸਜਰੇ ਵਰ੍ਹੇ ਦੇ ਢੁਕਵੇਂ ਸਵਾਗਤ ਲਈ ਕਿਵੇਂ?

ਪੰਛੀ ਬਜਾ ਰਹੇ ਨੇ ਆਰਕੈਸਟਰਾ ਨਵਾਂ।

----

ਪਲ ਪਲ ਦੀ ਬੂੰਦ ਬੂੰਦ ਚੋਂ ਛਲਕੇਗੀ ਇਉਂ ਮਿਠਾਸ,

ਮਾਰੇਗਾ ਠਾਠਾਂ ਰਸ ਦਾ ਸਮੁੰਦਰ ਜਿਹਾ ਨਵਾਂ।

----

ਹੋਵੇ ਤਾਂ ਹੋਵੇ ਕਿਸ ਤਰ੍ਹਾਂ ਪੈਦਾ ਖ਼ਲਾ ਨਵਾਂ,

ਆਸਾਂ ਉਸਾਰ ਲੈਣ ਹਵਾਈ ਕਿਲਾ ਨਵਾਂ।

----

ਕਲ ਤਕ ਸੀ ਪਿਛਲਾ ਸਾਲ ਲਹਾ ਦੇ ਵਹਾਉ ਵਿਚ,

ਸਜਰੇ ਵਰ੍ਹੇ ਦੀ ਰੌਸ਼ਨੀ ਵਿਚ ਹੈ ਚੜ੍ਹਾ ਨਵਾਂ।

----

ਬੀਤੇ ਵਰ੍ਹੇ ਨੂੰ ਲੈ ਵੜੀ ਕਾਲ਼ੀ ਗੁਫ਼ਾ ਚ ਰਾਤ,

ਖੰਭਾਂ ਤੇ ਧਰ ਕੇ ਆਏ ਫ਼ਰਿਸ਼ਤੇ ਖ਼ੁਦਾ ਨਵਾਂ।

----

ਮੰਨਦਾ ਹਾਂ ਬੀਤੇ ਸਾਲ ਦਾ ਅਪਣਾ ਹੀ ਸ੍ਵਾਦ ਸੀ,

ਪਰ ਇਸ ਵਰ੍ਹੇ ਦਾ ਹੈ ਅਪਣਾ ਮਜ਼ਾ ਨਵਾਂ।

----

ਭਾਲਣਗੇ ਖ਼ਾਬ ਸੋਚ ਦੀ ਕਾਲ਼ੀ ਚਿੜੀ ਲਈ,

ਕਿਰਨਾਂ ਦੇ ਤੀਲਿਆਂ ਦਾ ਕਿਤੋਂ ਆਲ੍ਹਣਾ ਨਵਾਂ।

----

ਦਿਲ ਦੀ ਏਹੋ ਹੈ ਕਾਮਨਾ ਦੁਨੀਆ ਦੇ ਵਾਸੀਓ!

ਜਾਪੇ ਇਹ ਆਉਂਦਾ ਸਾਲ ਤੁਹਾਨੂੰ ਸਦਾ ਨਵਾਂ।

No comments: