ਗੀਤ
ਮੈਂ ਆਟੇ ਦਾ ਦੀਵਾ ਸੱਜਣਾ, ਕਿੱਥੇ ਮੇਰੀ ਥਾਂ।
ਅੰਦਰ ਮੈਨੂੰ ਚੂਹੇ ਟੁੱਕਦੇ, ਬਾਹਰ ਨੇ ਪੈਂਦੇ ਕਾਂ.... ਵੇ ਸੱਜਣਾ…
ਕਿੱਥੇ ਮੇਰੀ ਥਾਂ…!
-----
ਮੈਂ ਚਾਹਿਆ ਸੀ ਕੁੱਲ ਦੁਨੀਆਂ ਤੋਂ ਕਰਦਿਆਂ ਦੂਰ ਹਨੇਰੇ,
ਦਸੇ ਦਿਸ਼ਵਾਂ, ਖੱਲਾਂ, ਖੂੰਜੇ ਰੌਸ਼ਨ ਹੋਣ ਬਨੇਰੇ, ਵੇ ਸੱਜਣਾ
ਮਨ ਦੀਆਂ ਗੱਲਾਂ, ਮਨ ਵਿੱਚ ਰਹੀਆਂ ਮੈਨੂੰ ਜਗਣ ਹੀ ਦਿੰਦੇ ਨਾ.... ਵੇ ਸੱਜਣਾ…
ਕਿੱਥੇ ਮੇਰੀ ਥਾਂ…!
-----
ਗੱਲੀਂ-ਬਾਤੀਂ ਊਂ ਤਾਂ ਦੁਨੀਆਂ ਮਾੜੀ ਧਿਰ ਨਾਲ਼ ਖੜ੍ਹਦੀ,
ਯੁਗਾਂ ਯੁਗਾਂ ਤੋਂ ਜਿੰਦ ਨਿਤਾਣੀ ਆਈ ਸੂਲ਼ੀ ਚੜ੍ਹਦੀ , ਵੇ ਸੱਜਣਾ
ਵਕਤ ਪਏ ਤੋਂ ਖੜ੍ਹਨਾ ਔਖਾ ਔਖੀ ਫੜਨੀ ਬਾਂਹ.... ਵੇ ਸੱਜਣਾ…
ਕਿੱਥੇ ਮੇਰੀ ਥਾਂ…!
-----
ਜਦ ਕਿਧਰੇ ਵੀ ਚਰਚਾ ਛਿੜਦੀ ਦਿੰਦੇ ਰਹਿਣ ਹਵਾਲੇ,
ਮੈਂ ਹੋਵਾਂ ਤਾਂ ਦਰ ਹੈ ਖੁੱਲ੍ਹਦਾ ਨਹੀਂ ਤਾਂ ਲਗਦੇ ਤਾਲੇ, ਵੇ ਸੱਜਣਾ
ਸੁੰਨੇ ਵਿਹੜੇ ਖਾਣ ਨੂੰ ਆਉਂਦੇ ਘਰ ਕਰਦੇ ਭਾਂ ਭਾਂ.... ਵੇ ਸੱਜਣਾ…
ਕਿੱਥੇ ਮੇਰੀ ਥਾਂ…!
----
‘ਝੱਜ’ ਹੀ ਜਾਣੇ ਮੇਰੇ ਦਿਲ ਦੀ ਸਾਰੀ ਦਰਦ ਕਹਾਣੀ,
ਚਲੋ ਕੋਈ ਤਾਂ ਦਰਦੀ ਮਿਲ਼ਿਆ ਜਿਸ ਨੇ ਰਮਜ਼ ਪਛਾਣੀ, ਵੇ ਸੱਜਣਾ
ਏਸ ਭਰੋਸੇ ਦਿਨ ਲੰਘਦੇ ਨੇ ਤਾਂ ਹੀਂ ਧੀਰ ਧਰਾਂ.... ਵੇ ਸੱਜਣਾ…
ਕਿੱਥੇ ਮੇਰੀ ਥਾਂ…!
----
ਮੈਂ ਆਟੇ ਦਾ ਦੀਵਾ ਸੱਜਣਾ, ਕਿੱਥੇ ਮੇਰੀ ਥਾਂ।
ਅੰਦਰ ਮੈਂਨੂੰ ਚੂਹੇ ਟੁੱਕਦੇ, ਬਾਹਰ ਨੇ ਪੈਂਦੇ ਕਾਂ.... ਵੇ ਸੱਜਣਾ…
ਕਿੱਥੇ ਮੇਰੀ ਥਾਂ…!!
No comments:
Post a Comment