
ਲੇਖ
‘ਅਹਿਸਾਸ ਦੀ ਪੀੜ’ ਕੈਨੇਡੀਅਨ ਪੰਜਾਬੀ ਸ਼ਾਇਰ ਭੂਪਿੰਦਰ ਦੁਲੇ ਦਾ ਪ੍ਰਕਾਸ਼ਿਤ ਹੋਇਆ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਇਹ ਗ਼ਜ਼ਲ ਸੰਗ੍ਰਹਿ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਪਹਿਲਾਂ ਧਿਆਨ ਖਿੱਚਦੀ ਹੈ ਉਹ ਹੈ ਭੂਪਿੰਦਰ ਦੁਲੇ ਦਾ ਸੰਗੀਤਕ ਸ਼ਬਦਾਂ ਨਾਲ ਮੋਹ।
ਕਾਵਿ ਰਚਨਾ ਵਿੱਚ ਸੰਗੀਤਕ ਸ਼ਬਦਾਂ ਦੀ ਵਧੇਰੇ ਵਰਤੋਂ ਕਰਨ ਨਾਲ ਕਾਵਿ ਰਚਨਾ ਵਿੱਚ ਵਿਚਾਰਾਂ ਦਾ ਦੱਬ ਕੇ ਰਹਿ ਜਾਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਵਿਚਾਰਾਂ ਦੀ ਸਪੱਸ਼ਟਤਾ ਵੀ ਧੁੰਦਲੀ ਪੈ ਜਾਂਦੀ ਹੈ। ਭੂਪਿੰਦਰ ਦੁਲੇ ਦਾ ਗ਼ਜ਼ਲ ਸੰਗ੍ਰਹਿ ‘ਅਹਿਸਾਸ ਦੀ ਪੀੜ’ ਪੜ੍ਹਦਿਆਂ ਵੀ ਮੈਨੂੰ ਕੁਝ ਇਸ ਤਰ੍ਹਾਂ ਹੀ ਮਹਿਸੂਸ ਹੋਇਆ ਹੈ।
ਭੂਪਿੰਦਰ ਦੁਲੇ ਆਪਣੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਨੂੰ ਪ੍ਰਾਥਮਿਕਤਾ ਨਹੀਂ ਦਿੰਦਾ। ਉਸਦੀ ਪ੍ਰਾਥਮਿਕਤਾ ਸੰਗੀਤਕ ਸ਼ਬਦਾਂ ਦਾ ਪ੍ਰਯੋਗ ਕਰਨ ਲਈ ਹੈ। ਸੰਗੀਤਕ ਸ਼ਬਦਾਂ ਦਾ ਉਚਾਰਨ ਪਾਠਕ / ਸਰੋਤੇ ਨੂੰ ਪਲ ਛਿਣ ਦਾ ਆਨੰਦ ਦਿੰਦਾ ਹੈ। ਉਦਾਹਰਣ ਲਈ ਪੇਸ਼ ਹਨ ਭੂਪਿੰਦਰ ਦੁਲੇ ਦੇ ਕੁਝ ਸ਼ਿਅਰ:
1.
ਜਦ ਕਿਧਰੇ ਚੇਤੇ ਆ ਜਾਵੇ, ਦਿਲ ਮੇਰੇ ਦੀ ਪਿਆਸ ਬੁਝਾਵੇ
ਹਰ ਸਰਘੀ ਦੀ ਚਾਟੀ ਘਮ ਘਮ, ਸਾ ਰੇ ਗਾ ਮਾ, ਸਾ ਰੇ ਗਾ ਮਾ
2.
ਏਸ ਦਰਿਆ ਦੀ ਇਹ ਜੋ ਹੈ ਕਲ ਕਲ
ਦਿਲ ਦੇ ਸਹਿਰਾ ਨੂੰ ਲੰਘਦੀ ਛਲ ਛਲ
3.
ਕੋਈ ਵੀ ਥਾਂ ਮਿਲੀ ਨਾਂ ਬਰਸਣ ਨੂੰ
ਇਹ ਘਟਾ ਭਟਕਦੀ ਰਹੀ ਥਲ ਥਲ
ਵਿਚਾਰਹੀਨ ਸੰਗੀਤਕ ਸ਼ਬਦਾਂ ਦੇ ਪ੍ਰਯੋਗ ਦਾ ਵਧ ਰਿਹਾ ਰੁਝਾਨ ਅਸੀਂ ਅਜੋਕੇ ਪੌਪ ਸੰਗੀਤ ਅਤੇ ਭਾਰਤੀ ਫਿਲਮੀ ਸੰਗੀਤ ਵਿੱਚ ਵੀ ਦੇਖ ਸਕਦੇ ਹਾਂ, ਪਰ ਪੰਜਾਬੀ ਗ਼ਜ਼ਲ ਵਿੱਚ ਅਜਿਹਾ ਰੁਝਾਨ ਕੋਈ ਨਵਾਂ ਨਹੀਂ। ਸਾਧੂ ਸਿੰਘ ਹਮਦਰਦ ਅਤੇ ਉਸਦੀ ਢਾਣੀ ਦੇ ਗ਼ਜ਼ਲ-ਗੋਆਂ ਵੱਲੋਂ ਪਿਛਲੇ ਤਕਰੀਬਨ ਪੰਜ ਦਹਾਕਿਆਂ ਦੌਰਾਨ ਲਿਖੀਆਂ ਗਈਆਂ ਗ਼ਜ਼ਲਾਂ ਵਿੱਚ ਅਜਿਹੇ ਵਿਚਾਰਹੀਨ ਸ਼ਬਦਾਂ ਦੀ ਭਰਮਾਰ ਦੀਆਂ ਸੈਂਕੜੇ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ। ਅਜਿਹੇ ਗ਼ਜ਼ਲਗੋ ਉਨ੍ਹਾਂ ਗ਼ਜ਼ਲਗੋਆਂ ਦੀ ਢਾਣੀ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਜੋ ਕਿ ‘ਕਲਾ ਕਲਾ ਲਈ’ ਦੇ ਸਦੀਆਂ ਤੋਂ ਚੱਲੇ ਆ ਰਹੇ ਨਾਹਰੇ ਦੇ ਹਿਮਾਇਤੀ ਹਨ। ਭਾਵੇਂ ਕਿ ਅਜੋਕੇ ਸਮਿਆਂ ਵਿੱਚ ਵਧੇਰੇ ਲੇਖਕ ਅਜਿਹੀ ਸਾਹਿਤਕ ਰਾਜਨੀਤੀ ਵਿੱਚ ਵਧੇਰੇ ਵਿਸ਼ਵਾਸ ਨਹੀਂ ਰੱਖਦੇ ਅਤੇ ਆਪਣੀਆਂ ਰਚਨਾਵਾਂ ਵਿੱਚ ਰੂਪਕ ਪੱਖੋਂ ਅਤੇ ਤੱਤ ਦੇ ਪੱਖੋਂ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਭੂਪਿੰਦਰ ਦੁਲੇ ਦਾ ਵਧੇਰੇ ਧਿਆਨ ਗ਼ਜ਼ਲ ਦੀ ਸ਼ਿਲਪਕਾਰੀ ਵੱਲ ਹੈ। ਵਿਚਾਰਾਂ ਦੀ ਪੇਸ਼ਕਾਰੀ ਕਰਨ ਵੇਲੇ ਉਹ ਆਪਣੀਆਂ ਗ਼ਜਲਾਂ ਵਿੱਚ ਕਿਤੇ ਵੀ ਇਸ ਗੱਲ ਦਾ ਪ੍ਰਭਾਵ ਨਹੀਂ ਦਿੰਦਾ ਕਿ ਉਹ ਕਿਸੇ ਵਿਚਾਰ ਬਾਰੇ ਸਪੱਸ਼ਟ ਹੈ. ਇਸਦਾ ਕਾਰਨ ਉਹ ਆਪਣੇ ਸ਼ਿਅਰਾਂ ਵਿੱਚ ਆਪ ਹੀ ਦੱਸ ਦਿੰਦਾ ਹੈ:
1.
ਮੈਂ ਕਿੰਨੀ ਦੇਰ ਤੱਕ ਤੁਰਦਾ ਰਿਹਾ ਹਾਂ ਮੀਟ ਕੇ ਅੱਖਾਂ
ਤੁਹਾਡੀ ਧਰਤ, ਮੇਰੇ ਪੈਰ ਸਨ ਤੇ ਚਾਲ ਉਹਨਾਂ ਦੀ
2.
ਤੂੰ ਅਰੂਜ਼ੀ ਵੀ ਰਦੀਫ਼ੀ ਵੀ ਮਗਰ ਤੁਕਬੰਦੀ ਕਿਉਂ
ਦਰਦ ਜੀਵਨ ਦਾ ਰਤਾ ਭਰ, ਲਿਖ ਸਕੇਂ ਤਾਂ ਲਿਖ ਕਦੀ
3.
ਅਰਥ ਸ਼ਬਦਾਂ ਨਾਲ ਰੁਸ ਜਾਂਦੇ ਰਹੇ
ਸ਼ਾਇਰੀ ਦਾ ਹਾਲ ਸ੍ਹਾਵੇਂ ਸੀ ਮਿਰੇ
ਭਾਵੇਂ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਵਿੱਚ ਵਿਚਾਰਾਂ ਦੀ ਸਪੱਸ਼ਟਤਾ ਨਜ਼ਰ ਨਹੀਂ ਆਉਂਦੀ; ਪਰ ਨਿਰਸੰਦੇਹ, ਦੁਲੇ ਇਸ ਗ਼ਜ਼ਲ ਸੰਗ੍ਰਹਿ ਵਿੱਚ ਅਨੇਕਾਂ ਵਿਸ਼ਿਆਂ ਬਾਰੇ ਗੱਲ ਕਰਦਾ ਹੈ। ਇਸ ਸਬੰਧ ਵਿੱਚ ਵੀ ਉਸਦੀ ਕਾਵਿ-ਸਮਰੱਥਾ ਦੀਆਂ ਸੀਮਾਵਾਂ ਸਮਝਣ ਲਈ ਉਸਦੀ ਆਪਣੀ ਹੀ ਇੱਕ ਗ਼ਜ਼ਲ ਦਾ ਇਹ ਸ਼ਿਅਰ ਸਾਡੀ ਮੱਦਦ ਕਰ ਸਕਦਾ ਹੈ:
ਬੱਸ ਕਰ ਮਹਿਬੂਬ ਖ਼ਾਤਰ ਬਹੁਤ ਕੁਝ ਲਿਖਿਆ ਗਿਆ
ਹੁਣ ਜ਼ਰਾ ਮਜ਼ਲੂਮ ਖ਼ਾਤਰ, ਲਿਖ ਸਕੇਂ ਤਾਂ ਲਿਖ ਕਦੀ
‘ਅਹਿਸਾਸ ਦੀ ਪੀੜ’ ਗ਼ਜ਼ਲ ਸੰਗ੍ਰਹਿ ਵਿੱਚ ਵਧੇਰੇ ਗ਼ਜ਼ਲਾਂ ਨਿੱਜੀ ਸਮੱਸਿਆਵਾਂ ਬਾਰੇ ਹੀ ਹਨ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ, ਵਾਤਾਵਰਨ ਸਬੰਧੀ ਸਮੱਸਿਆਵਾਂ ਬਾਰੇ ਕਿਤੇ ਵੀ ਖੁੱਲ੍ਹ ਕੇ ਅਤੇ ਸਪੱਸ਼ਟ ਰੂਪ ਵਿੱਚ ਚਰਚਾ ਭੂਪਿੰਦਰ ਦੁਲੇ ਦੀਆਂ ਗ਼ਜ਼ਲਾਂ ਦਾ ਵਿਸ਼ਾ ਨਹੀਂ ਬਣ ਸਕਿਆ।
ਉਂਝ ਨਿੱਜੀ ਸੰਬੰਧਾਂ ਬਾਰੇ ਭੂਪਿੰਦਰ ਦੁਲੇ ਨੇ ਕੁਝ ਵਧੀਆ ਸ਼ਿਅਰ ਵੀ ਕਹੇ ਹਨ:
1.
ਦੁਸ਼ਮਣੀ ਦੀ ਦਾਸਤਾਂ ਕੁਝ ਹੋਰ ਲੰਮੀ ਹੋ ਗਈ
ਇਸ ਤਰ੍ਹਾਂ ਮੈਨੂੰ ਗਲੇ ਲਾਇਆ ਹੈ ਮੇਰੇ ਦੋਸਤਾਂ
2.
ਨਾ ਦਿਲਾਂ ਰੂਹਾਂ ਦੀ ਹੈ ਨਾ ਅੰਦਰਾਂ ਦੀ ਨੇੜਤਾ
ਕੀ ਕਰੂਗੀ ਦੋਸਤਾ ਫਿਰ ਪਿੰਜਰਾਂ ਦੀ ਦੋਸਤੀ
3.
ਖ਼ੂਬ ਪੌਸ਼ਾਕਾਂ ਬਦਨ, ਚਾਲ ਹੈ ਛਨ ਛਨ ਛਨਨ
ਅੰਦਰੋਂ ਵੀ ਮੇਰੇ ਮਨ, ਸੋਹ ਸਕੇਂ ਤਾਂ ਸੋਹ ਕਦੇ
ਕੈਨੇਡਾ ਦੇ ਅਨੇਕਾਂ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਪਿਛੇ ਛੱਡ ਆਏ ਦੇਸ ਲਈ ਉਦਰੇਵੇਂ ਵਾਲ਼ੀਆਂ ਭਾਵਨਾਵਾਂ ਦਾ ਪ੍ਰਗਟਾ ਮੁੜ ਮੁੜ ਉਜਾਗਰ ਹੁੰਦਾ ਹੈ। ਅਜਿਹੇ ਮਨੁੱਖ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਵੇਂ ਕਿਤੇ ਉਹ ਪਿਛੇ ਛੱਡ਼ ਆਏ ਦੇਸ਼ ਵਿੱਚ ਬਹੁਤ ਹੀ ਆਨੰਦਮਈ ਜ਼ਿੰਦਗੀ ਬਤੀਤ ਕਰ ਰਹੇ ਸਨ ਅਤੇ ਕੈਨੇਡਾ ਆ ਕੇ ਉਹ ਇੱਕ ਤਰ੍ਹਾਂ ਦੀ ਕੈਦ ਕੱਟ ਰਹੇ ਹਨ। ਜਿੱਥੇ ਆ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਚਾਅ, ਮਲ੍ਹਾਰ, ਉਮੰਗਾਂ, ਇੱਛਾਵਾਂ, ਸ਼ੌਂਕ, ਕੰਮ, ਧੰਦੇ ਦੇ ਰੁਝੇਵਿਆਂ ਵਿੱਚ ਦੱਬ ਕੇ ਰਹਿ ਗਏ ਹਨ। ਭੂਪਿੰਦਰ ਦੁਲੇ ਵੀ ਆਪਣੇ ਸ਼ਿਅਰਾਂ ਰਾਹੀਂ ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦਾ ਹੈ:
1.
ਛੱਡ ਆਪਣੇ ਘਰਾਂ ਨੂੰ ਤੁਰੇ ਸਾਂ ਜਦੋਂ
ਸੋਚਿਆ ਵੀ ਨਾ ਸੀ ਸ਼ੌਂਕ ਮਰ ਜਾਣਗੇ
2.
ਬੜਾ ਹੀ ਭਟਕਦੈ ਦਿਲ ਜਦ ਵੀ ਅਕਸਰ ਯਾਦ ਕਰ ਲੈਨਾਂ
ਬਸੀਮਾਂ, ਪੈਲੀਆਂ, ਰਸਤਾ, ਸਰਾਂ, ਘਰ, ਯਾਦ ਕਰ ਲੈਨਾਂ
ਇਮੀਗਰੈਂਟ ਚਾਹੇ ਕਿਸੇ ਵੀ ਦੇਸ਼ ਵਿੱਚੋਂ ਕਿਉਂ ਨ ਆਏ ਹੋਣ; ਉਨ੍ਹਾਂ ਤਕਰੀਬਨ ਸਭਨਾਂ ਦੀ ਹੀ ਦੌੜ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਡਾਲਰ ਕਮਾਉਣ ਦੀ ਹੀ ਹੁੰਦੀ ਹੈ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਉਹ ਜਿੰਨੀ ਛੇਤੀ ਹੋ ਸਕੇ ਵਧੀਆ ਘਰ, ਵਧੀਆ ਕਾਰ, ਵਧੀਆ ਘਰ ਦਾ ਫਰਨੀਚਰ ਆਦਿ ਅਤੇ ਜਿੰਦਗੀ ਦੀਆਂ ਹੋਰ ਸਭ ਸਹੂਲਤਾਂ ਖਰੀਦ ਸਕਣ। ਅਜਿਹੀਆਂ ਸਹੂਲਤਾਂ ਹਾਸਿਲ ਕਰ ਕਰਨ ਲਈ ਉਨ੍ਹਾਂ ਨੂੰ ਦਿਨ ਰਾਤ ਸਖਤ ਮਿਹਨਤ ਕਰਨੀ ਪੈਂਦੀ ਹੈ। ਅਜਿਹਾ ਕਰਦਿਆਂ, ਅਨੇਕਾਂ ਹਾਲਤਾਂ ਵਿੱਚ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਘਰਾਂ ਦੇ ਮਾਲਕਾਂ ਦੀ ਸਾਰੀ ਜ਼ਿੰਦਗੀ ਘਰਾਂ ਦੀ ਮੋਰਗੇਜ਼ ਆਦਿ ਦੇ ਵੱਡੇ ਵੱਡੇ ਬਿਲਾਂ ਦਾ ਭੁਗਤਾਣ ਕਰਨ ਖਾਤਰ ਫੈਕਟਰੀਆਂ ਵਿੱਚ ਲੱਗਦੇ ਓਵਰ ਟਾਈਮ ਲਗਾਉਣ ਵਿੱਚ ਹੀ ਬੀਤ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਇਨ੍ਹਾਂ ਮਹਿੰਗੇ ਖਰੀਦੇ ਘਰਾਂ ਵਿੱਚ ਆਰਾਮ ਨਾਲ ਬੈਠਣ ਦੇ ਚਾਰ ਪਲ ਵੀ ਨਹੀਂ ਮਿਲ਼ਦੇ। ਭੂਪਿੰਦਰ ਦੁਲੇ ਜਦੋਂ ਹੇਠ ਲਿਖੇ ਸ਼ਿਅਰ ਕਹਿੰਦਾ ਹੈ ਤਾਂ ਉਹ ਪਰਵਾਸੀ ਲੋਕਾਂ ਦੀ ਜ਼ਿੰਦਗੀ ਦੀ ਅਜਿਹੀ ਤਰਸਨਾਕ ਹਕੀਕਤ ਹੀ ਬਿਆਨ ਕਰ ਰਿਹਾ ਹੁੰਦਾ ਹੈ:
1.
ਕਦਵਾਰ ਮਕਾਨਾਂ ਦੇ, ਹੇਠਾਂ ਮੁਸਕਾਨਾਂ ਦੇ
ਕਿੰਨੇ ਅਰਮਾਨ ਅਜੇ, ਥੇਹਾਂ ਅੰਦਰ ਤਰਸਣ
2.
ਚੰਦ ਇੱਟਾਂ ਨੂੰ ਘਰ ਕਹੀ ਜਾਵਾਂ, ਇਸ ਨੂੰ ਥੰਮਾਂ ਤੇ ਖੁਦ ਢਹੀ ਜਾਵਾਂ
ਜੀਅ ਕਰੇ ਫੇਰ ਮੁੜ ਕੇ ਬਾਲ ਬਣਾਂ, ਰੇਤ ਦੇ ਘਰ ਬਣਾ ਬਣਾ ਢਾਹਾਂ
ਪੰਜਾਬੀ ਸਮਾਜ ਵਿੱਚ ਧੀਆਂ ਦੇ ਕਤਲਾਂ ਦਾ ਮਸਲਾ ਇੱਕ ਭਿਆਨਕ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਧੀਆਂ ਨੂੰ ਮਾਵਾਂ ਦੇ ਗਰਭ ਵਿੱਚ ਹੀ ਕਤਲ ਕੀਤਾ ਜਾ ਰਿਹਾ ਹੈ। ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਦੀ ਇਹ ਇੱਕ ਸਮਾਜਿਕ ਜ਼ਿੰਮੇਵਾਰੀ ਬਣ ਚੁੱਕੀ ਹੈ ਕਿ ਉਹ ਆਪਣੀਆਂ ਰਚਨਾਵਾਂ ਅਤੇ ਕਲਾ-ਕ੍ਰਿਤਾਂ ਰਾਹੀਂ ਇਸ ਸਮਾਜਿਕ ਬੁਰਾਈ ਦੇ ਖਿਲਾਫ ਆਵਾਜ਼ ਉਠਾਉਣ। ਇਸ ਸਮਾਜਿਕ ਬੁਰਾਈ ਦੇ ਖ਼ਿਲਾਫ਼ ਲੋਕ-ਚੇਤਨਾ ਪੈਦਾ ਕਰਨ ਲਈ ਉਹ ਇਸ ਗੱਲ ਦਾ ਵੀ ਲੋਕਾਂ ਨੂੰ ਸੁਨੇਹਾ ਦੇਣ ਕਿ ਅਜੋਕੇ ਸਮਿਆਂ ਵਿੱਚ ਔਰਤ ਅਤੇ ਮਰਦ ਵਿੱਚ ਕੋਈ ਫਰਕ ਨਹੀਂ। ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਔਰਤਾਂ ਨੇ ਆਪਣੀ ਸਖਤ ਮਿਹਨਤ ਸਦਕਾ ਮਰਦਾਂ ਤੋਂ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਜੋ ਕੰਮ ਪੁੱਤਰ ਕਰ ਸਕਦੇ ਹਨ ਉਹ ਕੰਮ ਧੀਆਂ ਵੀ ਕਰ ਸਕਦੀਆਂ ਹਨ। ਫਿਰ ਸਾਡੇ ਸਮਾਜ ਵਿੱਚ ਉਨ੍ਹਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਭੂਪਿੰਦਰ ਦੁਲੇ ਵੀ ਆਪਣੇ ਇਨ੍ਹਾਂ ਕੁਝ ਸ਼ਿਅਰਾਂ ਰਾਹੀਂ ਇਸ ਗੱਲ ਵੱਲ ਹੀ ਸਾਡਾ ਧਿਆਨ ਦੁਆ ਰਿਹਾ ਹੈ:
1.
ਕੁੱਖ ਮਮਤਾ ਦੀ ਉਜਾੜੀ ਜਾ ਰਿਹਾ
ਭਾਲਦਾ ਕੋਈ ਲਾਲ ਸ੍ਹਾਵੇਂ ਸੀ ਮਿਰੇ
2.
ਭਾਲਦੇ ਓਹਨਾਂ ਨੂੰ ਫਿਰਦੇ ਅੱਜ ਵੀ ਮਮਤਾ ਦੇ ਗੀਤ
ਜਨਮ ਤੋਂ ਪਹਿਲਾਂ ਜਿਨ੍ਹਾਂ ਦਾ ਘੁੱਟਿਆ ਖ਼ੁਦ ਸੀ ਗਲਾ
‘ਅਹਿਸਾਸ ਦੀ ਪੀੜ’ ਭੂਪਿੰਦਰ ਦੁਲੇ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਹੈ। ਅਜੇ ਉਸਨੂੰ ਆਪਣੀਆਂ ਕਲਾਤਮਕ ਸੀਮਾਵਾਂ ਅਤੇ ਸੰਭਾਵਨਾਵਾਂ ਬਾਰੇ ਚੇਤੰਨ ਹੋਣ ਦੀ ਲੋੜ ਹੈ। ਗ਼ਜ਼ਲ ਲਿਖਣ ਵੇਲੇ ਭੂਪਿੰਦਰ ਦੁਲੇ ਨੂੰ ਸੰਗੀਤਕ ਸ਼ਬਦਾਂ ਲਈ ਆਪਣਾ ਮੋਹ ਕੁਝ ਹੱਦ ਤੱਕ ਤਿਆਗਣਾ ਪਵੇਗਾ। ਜੇਕਰ ਉਹ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਦਾਰਸ਼ਨਿਕ, ਧਾਰਮਿਕ ਸਮੱਸਿਆਵਾਂ ਨੂੰ ਵਧੇਰੇ ਸਪੱਸ਼ਟ ਰੂਪ ਵਿੱਚ ਸਮਝ ਕੇ ਆਪਣੀਆਂ ਕਲਾ-ਕ੍ਰਿਤਾਂ ਦਾ ਵਿਸ਼ਾ ਬਣਾਵੇਗਾ ਤਾਂ ਉਸਦੀਆਂ ਗ਼ਜ਼ਲਾਂ ਹੋਰ ਵਧੇਰੇ ਸ਼ਕਤੀਸ਼ਾਲੀ ਅਤੇ ਅਰਥ ਭਰਪੂਰ ਹੋਣਗੀਆਂ। ਮੈਨੂੰ ਉਮੀਦ ਹੈ ਕਿ ਆਪਣਾ ਅਗਲਾ ਗ਼ਜ਼ਲ ਸੰਗ੍ਰਹਿ ਪ੍ਰਕਾਸਿ਼ਤ ਕਰਨ ਵੇਲੇ ਭੂਪਿੰਦਰ ਦੁਲੇ ਆਪਣੀ ਰਚਨਾ ਦੀਆਂ ਇਨ੍ਹਾਂ ਸੀਮਾਵਾਂ ਵੱਲ ਹੋਰ ਵਧੇਰੇ ਧਿਆਨ ਦੇਵੇਗਾ।
ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ‘ਅਹਿਸਾਸ ਦੀ ਪੀੜ’ ਪ੍ਰਕਾਸ਼ਤ ਕਰਕੇ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਹੋਣ ਲਈ ਭੂਪਿੰਦਰ ਦੁਲੇ ਨੂੰ ਮੇਰੀਆਂ ਸ਼ੁੱਭ ਇਛਾਵਾਂ।
No comments:
Post a Comment