ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, January 19, 2009

ਨਿਰਮਲ ਸਿੰਘ ਕੰਧਾਲਵੀ - ਨਜ਼ਮ

ਪਰਵਾਜ਼ ਤੇ ਸੀਮਾ

ਨਜ਼ਮ

ਅਸੀਂ ਪਰਿੰਦਿਆਂ ਨੂੰ

ਉੱਡਣੋਂ ਨਹੀਂ ਰੋਕਦੇ,

ਸਿਰਫ਼ ਪਰਵਾਜ਼ ਦੀ ਸੀਮਾ

ਨਿਰਧਾਰਿਤ ਕਰਦੇ ਹਾਂ

----

ਕੁਝ ਪਰਿੰਦੇ ਇਸ ਦੀ,

ਉਜ਼ਰਦਾਰੀ ਕਰਦੇ ਹਨ

ਪਰ ਫਿਰ ਹੌਲ਼ੀ- ਹੌਲ਼ੀ

ਕਰ ਲੈਂਦੇ ਹਨ ਸਮਝੌਤਾ

ਹਾਲਾਤ ਨਾਲ

----

ਪਰ ਕੁਝ ਐਸੇ ਵੀ ਹੁੰਦੇ ਹਨ

ਜੋ ਅਜੇ ਵੀ ਉੱਡਣਾ ਲੋਚਦੇ ਹਨ

ਸੀਮਾ ਤੋਂ ਪਾਰ

ਉਨ੍ਹਾਂ ਨੂੰ ਅਸੀਂ ਸੀਮਾ ਦੇ ਸਤਿਕਾਰ ਦਾ,

ਉਪਦੇਸ਼ ਦਿੰਦੇ ਹਾਂ,

ਮੁਖ-ਧਾਰਾ ਦੇ ਅਰਥ ਸਮਝਾਉਂਦੇ ਹਾਂ,

ਦੇਸ਼-ਪਿਆਰ ਦਾ ਸਬਕ ਪੜ੍ਹਾਉਂਦੇ ਹਾਂ,

ਤੇ ਉਹ ਬੀਬੇ ਰਾਣੇ ਬਣ ਉੱਡਣ ਲਗਦੇ ਹਨ

ਸੀਮਾ ਦੇ ਅੰਦਰ ਅੰਦਰ

----

ਪਰ ਫਿਰ ਵੀ ਕੁਝ ਕੁ ਪਰਿੰਦੇ

ਅਜਿਹੇ ਵੀ ਹੁੰਦੇ ਹਨ

ਜੋ ਅਜਿਹੇ ਨਾਗਾਂ ਵਰਗੇ ਹੁੰਦੇ ਹਨ

ਜਿਨ੍ਹਾਂ ਨੂੰ ਕੀਲਣ ਲਈ

ਅਸੀਂ ਉਨ੍ਹਾਂ ਨੂੰ ਸੋਨੇ ਚਾਂਦੀ ਦੇ ਭਾਂਡਿਆਂ

ਚ ਦਾਣਾ ਪਾਉਂਦੇ ਹਾਂ,

ਤੇ ਉਹ ਮਸਤ ਹੋ ਦਾਣਾ ਚੁਗਦੇ,

ਖ਼ੁਸ਼ ਹੁੰਦੇ

ਸੀਮਾ ਦੇ ਸਤਿਕਾਰ ਚ ਝੁਕਣ ਲਗਦੇ ਹਨ

----

ਪਰ ਟਾਵੇਂ-ਟਾਵੇਂ ਪਰਿੰਦੇ ਅਜੇ ਵੀ,

ਸੀਮਾ ਤੋਂ ਪਾਰ ਵੇਖਣੋ ਨਹੀਂ ਹਟਦੇ

ਅਸੀਂ ਉਨ੍ਹਾਂ ਤੇ ਕਰੜੀ ਨਿਗਾਹ ਰੱਖਦੇ ਹਾਂ

ਤੇ ਜਿਹੜਾ ਅਜੇ ਵੀ ਸੀਮਾ ਦੀ ਉਲੰਘਣਾ

ਕਰਨੋਂ ਬਾਜ਼ ਨਹੀਂ ਆਉਂਦਾ,

ਮਜਬੂਰਨ ਫੁੰਡਕੇ ਧਰਤੀ ਤੇ

ਸੁੱਟਣਾ ਪੈਂਦਾ ਹੈ

---

ਅਸੀਂ ਪਰਿੰਦਿਆਂ ਨੂੰ ਉੱਡਣੋਂ

ਨਹੀਂ ਰੋਕਦੇ,

ਸਿਰਫ਼ ਪਰਵਾਜ਼ ਦੀ ਸੀਮਾ

ਨਿਰਧਾਰਿਤ ਕਰਦੇ ਹਾਂ

1 comment:

M S Sarai said...

Kandhalvi Sahib
Nazam parh ke anand aa giya. Bas chakki challo.
Mota Singh Sarai