ਗ਼ਜ਼ਲ
ਸ਼ਬਦਾਂ ਦਾ ਦਰਿਆ ਕਦੇ ਜੋ ਸ਼ੂਕਦਾ ਸੀ।
ਸੋਨੇ ਦੇ ਸਹਰਾਅ ‘ਚ ਜਾ ਉਹ ਸੁਕ ਗਿਆ ਸੀ।
----
ਤਾਜਪੋਸ਼ੀ ਦੇ ਸਮੇਂ ਜੋ ਗੀਤ ਗਾਇਆ,
ਅਸਲ ਵਿਚ ਉਹ ਗੀਤ ਦਾ ਹੀ ਮਰਸੀਆ ਸੀ।
----
ਹਰ ਮਨੁੱਖ ਨੇ ਦਿਨ ਕਟੀ ਲਈ ਇਸ ਨਗਰ ਵਿਚ,
ਚਿਹਰੇ ‘ਤੇ ਇਕ ਹੋਰ ਚਿਹਰਾ ਲਾ ਲਿਆ ਸੀ।
----
ਸਨ ਸਜੇ ਬਾਜ਼ਾਰ ਸਾਰੇ ਵਾਂਗ ਦੁਲਹਨ,
ਸ਼ੋਰ ਪਰ ਇਸ ਸ਼ਹਿਰ ਵਿੱਚ ਜੰਗਲ ਜਿਹਾ ਸੀ।
----
ਖੰਭ ਸੀ ਖ਼ੁਸ਼ਬੂ ਦਾ ਉਹ ਜਾਂ ਉਹ ਕਵੀ ਸੀ,
ਪਿੰਜਰਿਆਂ ਦੇ ਸ਼ਹਿਰ ਵਿੱਚ ਜੋ ਉੱਡ ਰਿਹਾ ਸੀ।
----
ਮਹਿਕ ਵੀ ਬਣ ਜਾਏਗੀ ਜ਼ਹਿਰੀਲਾ ਧੂੰਆਂ,
ਕਦ ਕਿਸੇ ਨੇ ਇਸ ਤਰ੍ਹਾਂ ਵੀ ਸੋਚਿਆ ਸੀ।
----
ਅਗਨ ਭੇਟਾ ਕਰਨ ਪਿੱਛੋਂ ਯਾਦ ਆਇਆ,
ਰੁੱਖ ਏਸੇ ‘ਤੇ ਮਿਰਾ ਵੀ ਆਲ੍ਹਣਾ ਸੀ।
No comments:
Post a Comment