ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, January 10, 2009

ਸੰਤ ਸਿੰਘ ਸੰਧੂ - ਨਜ਼ਮ

ਦੋਸਤੋ! ਸਤਿਕਾਰਤ ਸੰਤ ਸਿੰਘ ਸੰਧੂ ਜੀ ਰਚਿਤ ਨਜ਼ਮ, ਪੰਜਾਬੀ ਸੱਥ ਲਾਂਬੜਾ ਵੱਲੋਂ ਪ੍ਰਕਾਸ਼ਿਤ ਕਿਤਾਬ ਨੌਂ ਮਣ ਰੇਤ (2008), ਚੋਂ ਪੋਸਟ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਇਕ ਖ਼ੂਬਸੂਰਤ ਕਿਤਾਬ ਸਤਿਕਾਰਤ ਮੋਤਾ ਸਿੰਘ ਸਰਾਏ ਜੀ ਨੇ ਯੂ.ਕੇ. ਤੋਂ ਆਰਸੀ ਲਈ ਭੇਜੀ ਹੈ। ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ।

ਮੇਰੇ ਖ਼ਿਆਲ ਚ ਜ਼ਾਲਮਾਂ ਹੱਥੋਂ ਕ਼ਤਲ ਹੋਈਆਂ ਮਾਸੂਮ ਧੀਆਂ ਬਾਰੇ ਏਦੂੰ ਵਧੀਆ ਨਜ਼ਮ ਲਿਖੀ ਹੀ ਨਹੀਂ ਗਈ। ਮੈਂ ਇਸ ਨਜ਼ਮ ਨੂੰ ਪੜ੍ਹ ਕੇ ਖ਼ੁਦ ਬਹੁਤ ਭਾਵੁਕ ਹੋਈ ਹਾਂ...ਸੋਚਿਆ ਅੱਜ ਆਰਸੀ ਪਰਿਵਾਰ ਨਾਲ਼ ਸਾਂਝੀ ਜ਼ਰੂਰ ਕਰਾਂ।

ਧੀਏ ਮੋਰਨੀਏ!

(ਕ਼ਤਲ ਹੋਈਆਂ ਧੀਆਂ ਦੇ ਨਾਂ)

ਨਜ਼ਮ

ਤੇਰਾ ਕ਼ਬਰਾਂ ਵਿੱਚ ਮੁਕਲਾਵਾ,

ਨੀ ਧੀਏ ਮੋਰਨੀਏ।

ਤੇਰਾ ਜੋਬਨ ਕੱਚਾ ਆਵਾ,

ਨੀ ਧੀਏ ਮੋਰਨੀਏ।

----

ਗੋਡੇ-ਗੋਡੇ ਦਿਨ ਚੜ੍ਹਿਆ,

ਤੇ ਸੂਰਜ ਸਿਰ ਤੇ ਆਇਆ।

ਨੀ ਧੀਏ ਮੋਰਨੀਏ।

----

ਸੁੰਨੇ ਵਿਹੜੇ, ਪਈ ਬਹੁਕਰ,

ਕੂੜੇ ਨੇ ਬਹੁਤ ਡਰਾਇਆ।

ਨੀ ਧੀਏ ਮੋਰਨੀਏ।

----

ਲੰਮੀ ਨੀਂਦ ਚ ਸੌਂ ਗਈ ਅੜੀਏ!

ਨੀਂਦਾਂ ਚ ਚਿੱਤ ਲਾਇਆ।

ਨੀ ਧੀਏ ਮੋਰਨੀਏ।

----

ਘੁੱਗੀਆਂ ਰੋਈਆਂ, ਰੋਣ ਸ਼ਾਰਕਾਂ,

ਚਿੜੀਆਂ ਦਾ ਰੰਗ ਕੁਮਲ਼ਾਇਆ।

ਨੀ ਧੀਏ ਮੋਰਨੀਏ।

----

ਵਿਦਿਆਲੇ ਦਾ ਸਮਾਂ ਹੋ ਗਿਆ,

ਤੂੰ ਨਾ ਅੰਗ ਹਲਾਇਆ।

ਨੀ ਧੀਏ ਮੋਰਨੀਏ।

----

ਹਾਰ-ਸ਼ਿੰਗਾਰ ਕਿੱਥੇ ਨੇ ਤੇਰੇ,

ਇਹ ਕੀ ਹਾਲ ਬਣਾਇਆ।

ਨੀ ਧੀਏ ਮੋਰਨੀਏ।

----

ਚਹੁੰ ਕੂੰਟਾਂ ਦੇ ਕ਼ਾਤਲ ਆਏ,

ਵਰ ਨਾ ਤੇਰਾ ਆਇਆ।

ਨੀ ਧੀਏ ਮੋਰਨੀਏ।

----

ਵੀਰ ਜਿਨ੍ਹਾਂ ਸੀ ਡੋਲੀ ਪਾਉਂਣੀ,

ਵੀਰਾਂ ਨੇ ਬਾਣ ਚਲਾਇਆ।

ਨੀ ਧੀਏ ਮੋਰਨੀਏ।

-----

ਬਸਤੀ-ਬਸਤੀ ਸੁਣ ਨੀ ਧੀਏ!

ਕੂਕਰ ਹੈ ਹਲਕਾਇਆ।

ਨੀ ਧੀਏ ਮੋਰਨੀਏ।

----

ਖ਼ੂਨੀ ਮਹਿੰਦੀ, ਰੱਤੜਾ ਸਾਲੂ,

ਕਿੱਥੇ ਬਹਿ ਰੰਗਵਾਇਆ।

ਨੀ ਧੀਏ ਮੋਰਨੀਏ।

----

ਖੇਡਾਂ ਪੱਟ-ਪਟੋਲੇ ਤੇਰੇ,

ਪਿਆ ਏ ਦਾਜ ਬਣਾਇਆ।

ਨੀ ਧੀਏ ਮੋਰਨੀਏ।

----

ਤੱਕਿਆ ਕਾਲ਼ ਤੇਰਾ ਦਰਵੇਸ਼ਾਂ,

ਉੱਚੀ ਕੂਕ ਸੁਣਾਇਆ।

ਨੀ ਧੀਏ ਮੋਰਨੀਏ।

----

ਹੰਝੂ ਵਗਣ, ਸਾਵਣ ਦੀਆਂ ਝੜੀਆਂ,

ਦਿਲ ਤੇ ਬੱਦਲ਼ ਛਾਇਆ।

ਨੀ ਧੀਏ ਮੋਰਨੀਏ।

----

ਚਿੱਤ ਨਾ ਰਹੇ ਟਿਕਾਣੇ ਬੱਲੀਏ!

ਚਿੱਤ ਨੂੰ ਬਹੁਤ ਸਮਝਾਇਆ।

ਨੀ ਧੀਏ ਮੋਰਨੀਏ।

----

ਸੁੱਕੀਆਂ ਝੀਲਾਂ, ਮੋਈ ਮੁਹੱਬਤ,

ਹੰਸ ਫਿਰੇ ਤਿਰਾਇਆ।

ਨੀ ਧੀਏ ਮੋਰਨੀਏ।

----

ਉੱਠ ਧੀਏ! ਕੋਈ ਜੁਗਤ ਬਣਾਈਏ,

ਜ਼ੁਲਮ ਦਾ ਪਹਿਰਾ ਆਇਆ।

ਨੀ ਧੀਏ ਮੋਰਨੀਏ।

----

ਲੋਹਾ-ਲਾਖਾ ਹੋਇਆ ਸੂਰਜ,

ਸਿਰ ਤੇ ਆ ਮੰਡਰਾਇਆ।

ਨੀ ਧੀਏ ਮੋਰਨੀਏ।

----

ਲੋਹੜੀ ਲੰਘੀ, ਤੀਆਂ ਗਈਆਂ,

ਦਿਨ ਰੱਖੜੀ ਦਾ ਆਇਆ।

ਨੀ ਧੀਏ ਮੋਰਨੀਏ।

----

ਜ਼ਹਿਰ-ਕਹਿਰ ਦੇ ਆਏ ਵਪਾਰੀ,

ਆਸ਼ਕ ਨਾ ਕੋਈ ਆਇਆ।

ਨੀ ਧੀਏ ਮੋਰਨੀਏ।

----

ਇੱਕ ਕੰਨਿਆ ਦਾ ਦਾਨ ਨਾ ਸਰਿਆ,

ਬਾਪ ਗਿਆ ਡੰਨਆਇਆ।

ਨੀ ਧੀਏ ਮੋਰਨੀਏ।

----

ਸੁੱਕੇ ਅੰਬਰ ਝੜੀਆਂ ਲੱਗੀਆਂ,

ਇੰਦਰ ਹੁਕਮ ਸੁਣਾਇਆ।

ਨੀ ਧੀਏ ਮੋਰਨੀਏ।

----

ਮੋਢੇ ਉੱਤੇ ਨੜੋਆ ਟਿਕਿਆ,

ਕਾਜ ਨਾ ਗਿਆ ਰਚਾਇਆ।

ਨੀ ਧੀਏ ਮੋਰਨੀਏ।

----

ਬਾਗਾਂ ਵਿਚੋਂ ਉੱਜੜੀ ਬੁਲਬੁਲ,

ਸਾਨ੍ਹਾਂ ਖੌਰੂ ਪਾਇਆ।

ਨੀ ਧੀਏ ਮੋਰਨੀਏ।

----

ਨੈਣ ਮੇਰੇ ਹੰਝਿਆਏ ਧੀਏ!

ਮੱਥਾ ਰਹੇ ਗਰਮਾਇਆ।

ਨੀ ਧੀਏ ਮੋਰਨੀਏ।

3 comments:

Silver Screen said...

Eni gal vich hi poori film beaan kar gaye ho dost...tuhadi kalam nu slaam.
Darshan Darvesh

ਤਨਦੀਪ 'ਤਮੰਨਾ' said...

ਸਤਿਕਾਰਤ ਸੰਧੂ ਸਾਹਿਬ! ਤੁਹਾਡੀ ਇਹ ਨਜ਼ਮ ਮੈਂ ਕੈਨੇਡਾ ;'ਚ ਪਿਛਲੇ ਕੁਝ ਕੁ ਸਾਲਾਂ 'ਚ ਕਤਲ ਹੋਈਆਂ ਬੱਚੀਆਂ, ਨੌਜਵਾਨ ਕੁੜੀਆਂ ਅਤੇ ਔਰਤਾਂ ਨੂੰ ਸ਼ਰਧਾਂਜਲੀ ਦੇ ਰੂਪ 'ਚ ਪੇਸ਼ ਕਰਦੀ ਹਾਂ। ਤੁਹਾਡੀ ਕਲਮ ਨੂੰ ਸਲਾਮ! ਇਸ ਨਜ਼ਮ ਨੂੰ ਪੜ੍ਹ ਕੇ ਹੰਝੂ ਰੁਕਦੇ ਹੀ ਨਹੀਂ।
ਤੇਰਾ ਕ਼ਬਰਾਂ ਵਿੱਚ ਮੁਕਲਾਵਾ,

ਨੀ ਧੀਏ ਮੋਰਨੀਏ।

ਤੇਰਾ ਜੋਬਨ ਕੱਚਾ ਆਵਾ,

ਨੀ ਧੀਏ ਮੋਰਨੀਏ।
==========
ਮੋਢੇ ਉੱਤੇ ਨੜੋਆ ਟਿਕਿਆ,

ਕਾਜ ਨਾ ਗਿਆ ਰਚਾਇਆ।

ਨੀ ਧੀਏ ਮੋਰਨੀਏ।

----

ਬਾਗਾਂ ਵਿਚੋਂ ਉੱਜੜੀ ਬੁਲਬੁਲ,

ਸਾਨ੍ਹਾਂ ਖੌਰੂ ਪਾਇਆ।

ਨੀ ਧੀਏ ਮੋਰਨੀਏ।

----

ਨੈਣ ਮੇਰੇ ਹੰਝਿਆਏ ਧੀਏ!

ਮੱਥਾ ਰਹੇ ਗਰਮਾਇਆ।

ਨੀ ਧੀਏ ਮੋਰਨੀਏ।
ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਤਨਦੀਪ ਬੇਟਾ, ਸੰਧੂ ਸਾਹਿਬ ਦੀ ਨਜ਼ਮ ਪੜ੍ਹ ਕੇ ਨਜ਼ਰ ਵਿਹੜੇ 'ਚ ਖੇਡਦੀਆਂ ਪੋਤਰੀਆਂ ਤੇ ਜਾ ਟਿਕੀ ਤੇ ਕਿਸੇ ਦਰਦ ਨੇ ਝਿੰਜੋੜ ਕੇ ਰੱਖ ਦਿੱਤਾ।
ਇੰਦਰਜੀਤ ਸਿੰਘ
ਕੈਨੇਡਾ।
=========
ਸ਼ੁਕਰੀਆ ਅੰਕਲ ਜੀ।
ਤਮੰਨਾ