ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 30, 2009

ਪ੍ਰੀਤਮ ਸਿੰਘ ਧੰਜਲ - ਗ਼ਜ਼ਲ

ਸਾਹਿਤਕ ਨਾਮ: ਪ੍ਰੀਤਮ ਸਿੰਘ ਧੰਜਲ

ਨਿਵਾਸ: ਓਨਟਾਰੀਓ, ਕੈਨੇਡਾ

ਕਿੱਤਾ: ਟੈਕਸਟਾਈਲ ਕੈਮਿਸਟ

ਕਿਤਾਬਾਂ: ਕਾਵਿ-ਸੰਗ੍ਰਹਿ: ਮਿਲਨ( ਉਰਦੂ ਸ਼ਾਇਰੀ ਪੰਜਾਬੀ ਚ ਪ੍ਰਕਾਸ਼ਿਤ), ਸੁਚੇਤ ਸੁਪਨੇ, ਤੁਲਸੀ ਦੇ ਪੱਤਰ, ਸੱਤਿਅਮ ਸ਼ਿਵਮ ਸੁੰਦਰਮ, ਨਿਰਪ।

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਧੰਜਲ ਸਾਹਿਬ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਧੰਜਲ ਸਾਹਿਬ ਨੂੰ ਆਰਸੀ ਦਾ ਲਿੰਕ ਸੁਖਿੰਦਰ ਜੀ ਨੇ ਭੇਜਿਆ, ਉਹਨਾਂ ਦਾ ਵੀ ਬੇਹੱਦ ਸ਼ੁਕਰੀਆ।

-----------

ਗ਼ਜ਼ਲ

ਮੁਸ਼ਕਿਲ ਬੜਾ ਹੈ ਲਾਉਣਾ ਅਨੁਮਾਨ ਜ਼ਿੰਦਗੀ ਦਾ,

ਪਲ ਵਿਚ ਹਾਲਾਤ ਬਦਲੇ, ਤੂਫ਼ਾਨ ਜ਼ਿੰਦਗੀ ਦਾ

----

ਕੁਝ ਵਾਕਿਆਤ ਐਸੇ ਜੋ ਹਾਦਸੇ ਨਾ ਲੱਗਦੇ,

ਫਿਰ ਭੀ ਬੜਾ ਨੇ ਕਰਦੇ ਨੁਕਸਾਨ ਜ਼ਿੰਦਗੀ ਦਾ

----

ਧਰਤੀ ਦੀ, ਕੁੱਖ ਇਕ ਦਿਨ ਬੇਸ਼ੱਕ ਫ਼ਨਾਹ ਹੋਵੇ,

ਪਰ ਇਸ ਦੇ ਸਿਰ ਰਹੇਗਾ ਅਹਿਸਾਨ ਜ਼ਿੰਦਗੀ ਦਾ

----

ਜੇਕਰ ਕੋਈ ਸਿਤਾਰਾ, ਆ ਕੇ ਖ਼ੈਰਾਤ ਮੰਗੇ,

ਝੋਲੀ ਉਸਦੀ ਪਾਉਣਾ ਵਰਦਾਨ ਜ਼ਿੰਦਗੀ ਦਾ

----

ਫ਼ੈਲਾਅ ਲਏ ਅਡੰਬਰ ਭਾਵੇਂ ਪੁਲਾੜ ਤਾਈਂ,

ਪਰ ਕੁਝ ਵੀ ਤਾਂ ਨਹੀਂ ਹੈ, ਸਾਮਾਨ ਜ਼ਿੰਦਗੀ ਦਾ

----

ਅੱਗਾਂ ਤੇ ਪਾਣੀਆਂ ਦੇ ਹੁੰਦੇ ਸੁਮੇਲ ਵਿਚੋਂ,

ਉੱਠਦੇ ਧੂੰਏਂ ਨੂੰ ਦਿੱਤਾ ਅਨਵਾਨ ਜ਼ਿੰਦਗੀ ਦਾ

----

ਤਨ-ਮਨ ਅਰੋਗ ਹੋਵੇ ਤੇ ਕਦੇ ਨਾ ਮੌਤ ਆਵੇ,

ਇਹ ਰਿਹਾ ਹੈ ਤੇ ਰਹੇਗਾ, ਅਰਮਾਨ ਜ਼ਿੰਦਗੀ ਦਾ

----

ਕਿ ਜ਼ਿੰਦਗੀ ਹੀ ਆਪਣੇ ਸਾਹਾਂ ਦੀ ਭੀਖ ਮੰਗੇ,

ਏਨਾ ਵੀ ਤੇ ਨਾ ਕਰਨਾ, ਅਪਮਾਨ ਜ਼ਿੰਦਗੀ ਦਾ

----

ਹਰ ਜ਼ਿੰਦਗੀ ਨੂੰ ਕਹਿ ਦੇ, ਉਹ ਜ਼ਿੰਦਗੀ ਸੁਵਾਰੇ,

ਪ੍ਰੀਤਮ’! ਸਦਾ ਹੀ ਕਰਨਾ ਸਨਮਾਨ ਜ਼ਿੰਦਗੀ ਦਾ

=========================

ਗ਼ਜ਼ਲ

ਸਾਡੀ ਕਹਾਣੀ ਪਿਆਰ ਦੀ ਹੋਵੇ ਜਾਂ ਜੰਗ ਦੀ,

ਪੰਜ ਪਾਣੀਆਂ ਦੀ ਹੋ ਕੇ ਵੀ, ਲਹੂ ਦੇ ਰੰਗ ਦੀ

----

ਖ਼ੁਸ਼ਹਾਲ ਸੀ ਤੇ ਹੈ ਵੀ ਸੀ ਦੱਰੇ ਦੇ ਸਾਹਮਣੇ,

ਫਿਰ ਕਿਉਂ ਨਾ ਭੀੜ ਲਾਲਚੀ ਏਥੋਂ ਦੀ ਲੰਘਦੀ!

----

ਜਾਓ! ਪਤਾ ਲਗਾਓ!! ਕਿਹੜੀ ਬਲਾ ਹੈ ਉਹ,

ਜੋ ਭਾਈਆਂ ਤੋਂ ਭਾਈਆਂ ਦਾ ਖ਼ੂਨ ਮੰਗਦੀ

----

ਨ੍ਹੇਰਿਆਂ ਕੇ, ਨਾ ਰਸਤੇ ਗਵਾਚਦੇ,

ਬੇ-ਬਸੀ ਮੌਤ ਨਾ ਹੁੰਦੀ ਉਮੰਗ ਦੀ

----

ਇਕ ਰਸਮ ਇਕ ਗੁਨਾਹ ਨੂੰ ਪਾਕ ਕਰ ਗਈ,

ਬੇ-ਪਰਦ ਹੋ ਗਈ ਹੈ ਹਯਾ, ਸੰਗਦੀ ਸੰਗਦੀ

----

ਉਸ ਨੇ ਬੁਰਾਈ ਦੇਖ ਕੇ, ਮਜ਼ਹਬ ਵੀ ਭੰਡਿਆ,

ਕੀ ਗੱਲ ਕਰ ਰਹੇ ਓ! ਪ੍ਰੀਤਮ ਨਿਸ਼ੰਗ ਦੀ


No comments: