ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 30, 2009

ਸੁਰਿੰਦਰ ਸੋਹਲ - ਗ਼ਜ਼ਲ

ਗ਼ਜ਼ਲ

ਮੈਂ ਚਾਹੁੰਦਾ ਹਾਂ ਮੇਰੀ ਹਸਤੀ ਇਵੇਂ ਕਵਿਤਾ ਚ ਢਲ ਜਾਵੇ

ਹਵਾ ਵੰਝਲੀ ਚੋਂ ਲੰਘ ਕੇ ਜਿਸ ਤਰ੍ਹਾਂ ਸੁਰ ਵਿਚ ਬਦਲ ਜਾਵੇ

----

ਵਿਘਨਕਾਰੀ ਤਪੱਸਿਆ ਚੋਂ ਅਜਬ ਬਖ਼ਸ਼ਿਸ਼ ਮਿਲੀ ਮੈਨੂੰ,

ਮੇਰੀ ਛੋਹ ਨਾਲ ਜਲ ਹੈ ਜੰਮਦਾ, ਪੱਥਰ ਪਿਘਲ ਜਾਵੇ

----

ਨਿਸ਼ਾਨੇ ਦੇ ਨਸ਼ੇ ਵਿਚ ਦੇਖਣਾ ਨਾ ਹੋਸ਼ ਭੁੱਲ ਜਾਵੀਂ,

ਤੇਰੇ ਹਥਲੀ ਰਫ਼ਲ ਕਿਧਰੇ ਤੇਰੇ ਘਰ ਵੱਲ ਨਾ ਚਲ ਜਾਵੇ

----

ਮੈਂ ਜਦ ਥਲ ਚੋਂ ਗੁਜ਼ਰਦਾ ਹਾਂ, ਤਾਂ ਸੋਚਾਂ ਵਿਚ ਵਗੇ ਦਰਿਆ,

ਜਦੋਂ ਕਿਸ਼ਤੀ ਚ ਬਹਿ ਜਾਵਾਂ ਖ਼ਿਆਲਾਂ ਚੋਂ ਨਾ ਥਲ ਜਾਵੇ

----

ਜਗਾਵਣ ਲੱਗਿਆਂ ਦੀਵਾ, ਨਾ ਬੱਚੇ ਕਰਨ ਜ੍ਹਾ ਜਾਂਦੀ,

ਕਹੇ ਪਤਨੀ, ਘਰੇ ਪੁੱਜੀਏ, ਕਿਤੇ ਸੂਰਜ ਨਾ ਢਲ ਜਾਵੇ

----

ਜੋ ਬਿਲਕੁਲ ਰੇਤ ਦਿੱਸਦੀ ਹੈ, ਭੰਵਰ ਨਿਕਲੇ ਨਾ ਆਖ਼ਿਰ ਨੂੰ,

ਮਿਰਗ ਤ੍ਰਿਸ਼ਨਾ ਦੇ ਵਾਂਗੂੰ ਹੁਣ ਕਿਤੇ ਦਰਿਆ ਨਾ ਛਲ ਜਾਵੇ

----

ਬਰੂਦੀ ਸੁਰੰਗ ਤੋਂ ਬਚ ਕੇ ਪਰਿੰਦਾ ਉੱਡ ਤਾਂ ਚੱਲਿਆ ਹੈ,

ਇਹ ਚਿੰਤਾ ਹੈ ਕਿਤੇ ਉਸ ਨੂੰ ਨਾ ਹੁਣ ਅੰਬਰ ਨਿਗਲ ਜਾਵੇ

No comments: