ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 2, 2009

ਡਾ: ਅਮਰਜੀਤ ਕੌਂਕੇ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਇੰਡੀਆ ਵਸਦੇ ਉੱਘੇ ਲੇਖਕ ਸਤਿਕਾਰਤ ਅਮਰਜੀਤ ਕਾਉਂਕੇ ਸਾਹਿਬ ਨੇ ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਕਾਉਂਕੇ ਸਾਹਿਬ ਨੂੰ ਇਸ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀਆਂ ਭੇਜੀਆਂ ਨਜ਼ਮਾਂ ਚੋਂ ਦੋ ਖ਼ੂਬਸੂਰਤ ਨਜ਼ਮ ਨੂੰ ਸਾਈਟ ਤੇ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਆਰਸੀ ਦੇ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਹਨ ਤੇ ਆਉਂਣ ਵਾਲੇ ਦਿਨਾਂ ਚ ਸਾਂਝੀਆਂ ਕੀਤੀਆਂ ਜਾਣਗੀਆਂ।


ਕਾਉਂਕੇ ਸਾਹਿਬ ਪੰਜਾਬ ਤੋਂ ਪੰਜਾਬੀ ਸਾਹਿਤਕ ਮੈਗਜ਼ੀਨ ਪ੍ਰਤਿਮਾਨ ਦੀ ਸੰਪਾਦਨਾ ਵੀ ਕਰ ਰਹੇ ਹਨ। ਉਹਨਾਂ ਦੀ ਸਾਹਿਤਕ ਜਾਣ-ਪਛਾਣ ਦਾ ਇੰਤਜ਼ਾਰ ਹੈ। ਮਿਲ਼ਣ ਤੇ ਜਲਦੀ ਹੀ ਅਪਡੇਟ ਕਰ ਦਿੱਤੀ ਜਾਵੇਗੀ। ਉਹਨਾਂ ਨੂੰ ਤੇ ਉਹਨਾਂ ਦੀ ਕਲਮ ਨੂੰ ਮੇਰਾ ਸਲਾਮ! ਬਹੁਤ-ਬਹੁਤ ਸ਼ੁਕਰੀਆ!



ਸ਼ਾਇਦ


ਨਜ਼ਮ


ਇਹੋ ਨਸੀਬ ਸੀ ਸ਼ਾਇਦ


ਕਿ.....


ਜਿੱਥੇ.......


ਮਨ ਮਿਲਿਆ


ਉਥੇ ਜਿਸਮ ਵਰਜਿਤ ਸੀ


ਜਿਥੇ.....


ਜਿਸਮ ਦੀ ਖ਼ੂਬਸੂਰਤੀ ਸੀ


ਉਥੇ......


ਮਨ ਦੀ ਸੰਵੇਦਨਸ਼ੀਲਤਾ ਨਹੀਂ ਸੀ


----


ਖ਼ੂਬਸੂਰਤ ਜਿਸਮ ਵਿਚ


ਸੰਵੇਦਨਸ਼ੀਲ ਮਨ ਨੂੰ ਲੱਭਦਿਆਂ


ਸਾਰੀ ਉਮਰ ਗੁਜ਼ਰ ਗਈ


........................


ਜਿਸਮ ਤੋਂ ਜਿਸਮ ਤੱਕ


ਮਨ ਤੋਂ ਮਨ ਤੱਕ……


=============



ਕਿਵੇਂ ਆਵਾਂ....


ਨਜ਼ਮ


ਮੇਰੀ ਚੇਤਨਾ


ਹਜ਼ਾਰ ਟੁਕੜਿਆਂ ਵਿਚ ਵੰਡੀ ਹੈ


ਮੇਰਿਆ ਚੇਤਿਆਂ ਵਿਚ


ਅਤੀਤ ਦੇ ਕਿੰਨੇ


** ਗ੍ਰਹਿ ਉਪਗ੍ਰਹਿ ਦੇ


ਟੋਟੇ ਤੈਰ ਰਹੇ ਨੇ


ਮੇਰੇ ਅੰਦਰ ਕਿੰਨੇ ਵਰ੍ਹਿਆਂ ਦੀ


ਧੂੜ ਉਡਦੀ


ਮੇਰੇ ਜੰਗਲਾਂ ਵਿਚ


ਕਿੰਨੀਆਂ ਡਰਾਉਂਣੀਆਂ ਲੁਭਾਉਂਣੀਆਂ


ਆਵਾਜ਼ਾਂ ਤੈਰਦੀਆਂ


ਮੇਰੇ ਸਮੁੰਦਰਾਂ 'ਚ ਕਿੰਨੇ


ਜਵਾਰਭਾਟੇ


ਖੌਲਦੇ ਪਾਣੀਆਂ ਦਾ ਸੰਗੀਤ


----


ਮੈਂ ਚਾਹੁੰਦਾ ਹੋਇਆ ਵੀ


ਇਹਨਾਂ ਸਾਰੀਆਂ ਆਵਾਜ਼ਾਂ


ਸ਼ੋਰ ਸੰਗੀਤ ਵਾਵਰੋਲਿਆਂ ਤੋਂ


ਮੁਕਤ ਨਹੀਂ ਹੋ ਸਕਦਾ


ਚਾਹੁਣ ਤੇ ਵੀ ਨਹੀਂ ਮਿਟਾ ਸਕਦਾ


ਮੈਂ


ਆਪਣੀਆਂ ਯਾਦਾਂ ਦੀ ਤਖ਼ਤੀ ਤੋਂ


ਕਿੰਨੀਆਂ ਲਕੀਰਾਂ


ਕੱਟੀਆਂ ਵੱਢੀਆਂ ਸ਼ਕਲਾਂ……..


----


ਮੈਂ ਜਾਣਦਾ ਹਾਂ


ਕਿ ਤੂੰ ਮੈਨੂੰ ਸੰਪੂਰਨ ਚਾਹੁੰਦੀ ਹੈਂ


ਪੂਰੇ ਦਾ ਪੂਰਾ


ਸਾਲਮ ਇਕੋ ਇਕ…….


ਜੋ ਇਕੋ ਵੇਲੇ


ਤੇਰਾ ਤੇ ਸਿਰਫ਼ ਤੇਰਾ ਹੋਵੇ


----


ਪਰ ਮੇਰੀ ਦੋਸਤ!


ਮੈਂ ਬਚਪਨ ਦੀ ਕੱਚੀ ਉਮਰ ਤੋਂ


ਹਜ਼ਾਰ ਟੁਕੜਿਆਂ ਵਿਚ


ਵੰਡਿਆ


ਖਿਲਰਿਆ


ਖ਼ੁਦ


ਬ੍ਰਹਿਮੰਡ ਚ ਖਿਲਰੇ


ਆਪਣੇ ਹਜ਼ਾਰਾਂ ਟੁਕੜੇ


ਚੁਗਣ ਦੀ ਕੋਸ਼ਿਸ਼ ਕਰ ਰਿਹਾ ਹਾਂ


----


ਮੈਂ


ਪੂਰੇ ਦਾ ਪੂਰਾ


ਤੇਰਾ ਸਿਰਫ਼ ਤੇਰਾ ਬਣਕੇ


ਤੇਰੇ ਕੋਲ ਕਿੰਝ ਆਵਾਂ…..



ਨੋਟ: ** ਕਿਰਪਾ ਕਰਕੇ ਏਥੇ Grehaan, Uppgrehaan ਪੜ੍ਹਿਆ ਜਾਵੇ। ਨੂੰ ਸਿਹਾਰੀ ਤੋਂ ਬਾਅਦ ਪੰਜਾਬੀ ਫੌਂਟ ਸਿਸਟਮ ਨੇ ਕੰਨਾ ਲਗਾਉਂਣਾ ਪ੍ਰਵਾਨ ਨਹੀਂ ਕੀਤਾਮੁਆਫ਼ੀ ਚਾਹੁੰਦੀ ਹਾਂ!

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਅਮਰਜੀਤ ਕਾਉਂਕੇ ਸਾਹਿਬ! ਦੋਵੇਂ ਨਜ਼ਮਾਂ ਬੇੱਹਦ ਖ਼ੂਬਸੂਰਤ ਹਨ। ਮੇਰੀ ਬੇਨਤੀ ਪ੍ਰਵਾਨ ਕਰਕੇ ਏਨੀਆਂ ਸੋਹਣੀਆਂ ਨਜ਼ਮਾਂ ਨਾਲ਼ ਆਰਸੀ ਦਾ ਮਾਣ ਵਧਾਉਂਣ ਲਈ ਬਹੁਤ-ਬਹੁਤ ਸ਼ੁਕਰੀਆ। ਇੱਕ ਅਰਸੇ ਬਾਅਦ ਤੁਹਾਡੀਆਂ ਲਿਖਤਾਂ ਪੜ੍ਹਨ ਦਾ ਮੌਕਾ ਮਿਲ਼ਿਆ....
ਖ਼ੂਬਸੂਰਤ ਜਿਸਮ ਵਿਚ

ਸੰਵੇਦਨਸ਼ੀਲ ਮਨ ਨੂੰ ਲੱਭਦਿਆਂ

ਸਾਰੀ ਉਮਰ ਗੁਜ਼ਰ ਗਈ

........................

ਜਿਸਮ ਤੋਂ ਜਿਸਮ ਤੱਕ

ਮਨ ਤੋਂ ਮਨ ਤੱਕ……॥

ਵਾਹ! ਬਹੁਤ ਖ਼ੂਬ!
=====
ਮੇਰੀ ਚੇਤਨਾ

ਹਜ਼ਾਰ ਟੁਕੜਿਆਂ ਵਿਚ ਵੰਡੀ ਹੈ

ਮੇਰਿਆ ਚੇਤਿਆਂ ਵਿਚ

ਅਤੀਤ ਦੇ ਕਿੰਨੇ

** ਗ੍ਰਹਿ ਉਪਗ੍ਰਹਿ ਦੇ

ਟੋਟੇ ਤੈਰ ਰਹੇ ਨੇ

ਮੇਰੇ ਅੰਦਰ ਕਿੰਨੇ ਵਰ੍ਹਿਆਂ ਦੀ

ਧੂੜ ਉਡਦੀ

ਮੇਰੇ ਜੰਗਲਾਂ ਵਿਚ

ਕਿੰਨੀਆਂ ਡਰਾਉਂਣੀਆਂ ਲੁਭਾਉਂਣੀਆਂ

ਆਵਾਜ਼ਾਂ ਤੈਰਦੀਆਂ

ਮੇਰੇ ਸਮੁੰਦਰਾਂ 'ਚ ਕਿੰਨੇ

ਜਵਾਰਭਾਟੇ

ਖੌਲਦੇ ਪਾਣੀਆਂ ਦਾ ਸੰਗੀਤ

----

ਮੈਂ ਚਾਹੁੰਦਾ ਹੋਇਆ ਵੀ

ਇਹਨਾਂ ਸਾਰੀਆਂ ਆਵਾਜ਼ਾਂ

ਸ਼ੋਰ ਸੰਗੀਤ ਵਾਵਰੋਲਿਆਂ ਤੋਂ

ਮੁਕਤ ਨਹੀਂ ਹੋ ਸਕਦਾ

ਚਾਹੁਣ ਤੇ ਵੀ ਨਹੀਂ ਮਿਟਾ ਸਕਦਾ

ਮੈਂ

ਆਪਣੀਆਂ ਯਾਦਾਂ ਦੀ ਤਖ਼ਤੀ ਤੋਂ

ਕਿੰਨੀਆਂ ਲਕੀਰਾਂ

ਕੱਟੀਆਂ ਵੱਢੀਆਂ ਸ਼ਕਲਾਂ……..

ਕਮਾਲ ਦੇ ਖ਼ਿਆਲ ਨੇ। ਬੇਹੱਦ ਖ਼ੂਬਸੂਰਤ! ਐਸੀਆਂ ਲਿਖਤਾਂ ਨਵੇਂ ਲਿਖਣ ਵਾਲ਼ੇ ਸਾਥੀਆਂ ਨੂੰ ਸੇਧ ਪ੍ਰਦਾਨ ਕਰਨਗੀਆਂ, ਮੇਰਾ ਵਿਸ਼ਵਾਸ ਹੈ। ਇੱਕ ਵਾਰ ਫੇਰ ਸ਼ੁਕਰੀਆ!

ਤਮੰਨਾ