ਚਿੜੀਆਂ
ਨਜ਼ਮ
ਚਿੜੀਆਂ ਦਾ ਚੰਬਾ
ਹਰ ਸਾਲ ਦੇਸੋਂ ਉੱਡਦਾ ਹੈ
ਚਿੜੀਆਂ ਦੀਆਂ ਚੁੰਝਾਂ ਵਿੱਚ
ਸਰਟੀਫ਼ਿਕੇਟਾਂ ਦੇ ਨਾਲ਼ ਨਾਲ਼
ਮਾਵਾਂ ਦੀਆਂ ਦੁਆਵਾਂ ਦਾ
ਨਿੱਕਾ ਜਿਹਾ ਸੰਸਾਰ ਵੀ ਬੱਝਾ ਹੁੰਦਾ ਹੈ
---
ਤਲਾਸ਼ਦਾ ਹੈ ਇਹ ਚੰਬਾ
ਨਰਸਿੰਗ ਹੋਮਾਂ ਦੀਆਂ ਵੇਕੈਂਸੀ ਲਿਸਟਾਂ
ਉਂਝ ਇਹ ਚੰਬਾ
ਡਾਕਟਰੀ ਦੇ ਸਰਟੀਫਿਕੇਟ
ਆਪਣੀਆਂ ਚੁੰਝਾਂ 'ਚ ਸਮੇਟ
ਦੇਸੋਂ ਤੁਰਦਾ ਹੈ
ਹਸਪਤਾਲਾਂ ਦੇ ਬੂਹੇ
ਇਨ੍ਹਾਂ ਚਿੜ੍ਹੀਆਂ ਲਈ
ਕਈ ਕਈ ਸਾਲ ਨਹੀਂ ਖੁੱਲ੍ਹਦੇ
ਨਰਸਿੰਗ ਹੋਮਾਂ ਵਿੱਚ ਇਹ ਚਿੜੀਆਂ
ਮਰ ਰਹੇ ਮਰੀਜ਼ਾਂ ਦੀਆਂ
ਸਿਸਕੀਆਂ ਸੁਣਦੀਆਂ ਨੇ
ਪਰ ਦਵਾਈ ਨਹੀਂ ਦੇ ਸਕਦੀਆਂ
ਸਿਸਕ ਕੇ ਰਹਿ ਜਾਂਦੀਆਂ ਨੇ
ਇਹ ਚਿੜੀਆਂ
---
ਜਦ ਸਾਹਮਣੇ ਕਿਸੇ ਮਰੀਜ਼ ਦਾ
ਦਮ ਨਿਕਲਦਾ ਦੇਖਦੀਆਂ
ਮਾਵਾਂ ਦੀਆਂ ਦੁਆਵਾਂ
ਬਾਰ ਬਾਰ ਯਾਦ ਕਰਦੀਆਂ
ਨਿੱਕੇ ਜਿਹੇ ਸੰਸਾਰ ਵਿੱਚ
ਲਾਚਾਰ ਮੁੜਦੀਆਂ ਨੇ ਇਹ ਚਿੜੀਆਂ
ਤੇ ਤਲਾਸ਼ ਕਰਦੀਆਂ ਨੇ
ਕਿਸੇ ਹੋਰ ਨਰਸਿੰਗ ਹੋਮ ਦੀਆਂ
ਵੇਕੈਂਸੀ ਲਿਸਟਾਂ
ਬਸ ਸਾਲਾਂ ਦੇ ਸਾਲ ਚੱਕਰ
ਕੱਟਦੀਆਂ ਰਹਿ ਜਾਂਦੀਆਂ ਨੇ ਇਹ ਚਿੜ੍ਹੀਆਂ
----
ਸਾਂਭ ਦੇਂਦੀਆਂ ਨੇ
ਆਪਣੇ ਸਰਟੀਫਿਕੇਟ
ਦੇਸੋਂ ਲਿਆਂਦੇ ਸੰਦੂਕ 'ਚ
ਬੱਸ ਇੱਕ ਨਰਸਿੰਗ ਹੋਮ ਤੋਂ
ਦੂਜੇ ਨਰਸਿੰਗ ਹੋਮ ਦੇ ਗੇੜੇ
ਕੱਟਦੀਆਂ ਰਹਿੰਦੀਆਂ ਨੇ ਇਹ ਚਿੜੀਆਂ
No comments:
Post a Comment