ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, January 5, 2009

ਗੁਰਮੇਲ ਬਦੇਸ਼ਾ ਨਜ਼ਮ

ਮੈਂ ਤੇ ਮੇਰਾ ਪਰਛਾਵਾਂ

ਨਜ਼ਮ

ਐ ਮੇਰੇ ਪਰਛਾਵੇਂ!

ਤੂੰ ਮੇਰੀਆਂ

ਨਿਸਫ਼ਲ ਰੀਸਾਂ ਕਿਉਂ ਕਰਦੈਂ?

ਮੈਂ ਤੁਰਦਾ ਹਾਂ

ਤੂੰ ਮੇਰੇ ਨਾਲ

ਤੁਰਨ ਦੀ ਕੋਸ਼ਿਸ਼ ਕਰਦੈਂ

ਮੈਂ ਬੈਠਦਾ ਹਾਂ ,

ਤੂੰ ਵੀ ਬਹਿ ਜਾਨੈਂ

ਤੇਰੀਆਂ ਚੋਰ ਭੁਲਾਈਆਂ

ਮੈਨੂੰ ਦਿਨ ਭਰ ਰੁਝਾਈ ਰੱਖਦੀਆਂ ਨੇ

---

ਆਸ-ਪਾਸ ਕਦੇ ,

ਆਪਣੇ ਬਰਾਬਰ ਦੇਖਦਾ ਹਾਂ

ਕੋਈ ਵੀ ਨਜ਼ਰ ਨਹੀਂ ਆਉਂਦਾ

ਕੁਝ ਨਜ਼ਰਾਂ ਝੁਕਾ ਕੇ ਦੇਖਦਾ ਹਾਂ

ਤਾਂ ਤੇਰੀ ਨਿਰਮਾਣਤਾ ਨਜ਼ਰ ਆਉਂਦੀ ਹੈ !

ਤੇ ਕਦੇ....

ਮੇਰੇ ਵਾਜੂਦ ਤੋਂ ਉੱਚਾ ਤੇਰਾ ਪ੍ਰਤੀਬਿੰਬ !

ਜਦ ਸੋਚਾਂ ਦੇ ਮੰਡਲ 'ਤੇ

ਗ਼ਮਾਂ ਦੇ ਬੱਦਲ ਮੰਡਰਾਉਂਦੇ ਨੇ !

ਤੂੰ ਫਿਰ ਕਿਉਂ ਲੁਕਣ ਲਗਦੈਂ..?

----

ਤੂੰ ਮੇਰਾ ਹੈਂ ,

ਕਿਸੇ ਹੋਰ ਦਾ ਨਹੀਂ ;

ਮੇਰਾ ਤੂੰ ਆਪਣਾ ਪਰਛਾਵਾਂ!

ਜਿਉਂ- ਜਿਉਂ ਸੂਰਜ ਉਪਰ ਉਠਦੈ...

ਤੂੰ ਛੋਟਾ ਹੋਈ ਜਾਨੈਂ

ਦੁੱਖਾਂ ਦੀ ਸਿਖਰ ਦੁਪਿਹਰ

ਤੇ ਕਹਿਰ ਦਾ ਸੂਰਜ ਮੇਰੇ ਸਿਰ 'ਤੇ.....

ਤੂੰ..

ਤੂੰ -ਮੇਰੇ ਪੈਰਾਂ ਹੇਠ ਲੁਕ ਜਾਨੈਂ

---

ਮੇਰੇ ਪਰਛਾਵੇਂ! ਮੇਰੇ ਯਾਰ !

ਇਕੱਲਤਾ ਵਿੱਚ ਤੇਰੀ ਇਹ ਵਫ਼ਾ

ਮੈਂ ਆਪਣੇ ਹੀ ਪੈਰਾਂ ਹੇਠ

ਦੱਬੀ ਹੋਈ ਦੇਖਦਾ ਹਾਂ ..!

ਤੇਰੀ ਤਲਾਸ਼ -

ਮੇਰੇ ਹੌਸਲੇ ਦਾ ਗਰੂਤਾ ਆਕਰਸ਼ਣ

ਹਿਲਾ ਕੇ ਰੱਖ ਦਿੰਦੀ ਹੈ..!!

ਤੇ ਮੈਂ ਮੂਧੇ ਮੂੰਹ ਡਿਗਦਾ ਹਾਂ

---

ਤੈਨੂੰ ਵੀ ਆਪਣੇ ਨਾਲ

ਢੇਰੀ ਹੋਇਆ ਪਿਆ ਦੇਖਦਾ ਹਾਂ

ਹੁਣ ਓਸ ਬੇਵਫ਼ਾ ਵਾਂਗ

ਜਾਂ ਤਾਂ ਤੂੰ ਮੇਰਾ ਸਾਥ ਛੱਡ ਦੇ

ਨਹੀਂ ਤਾਂ ਮੇਰੇ ਨਾਲ ਖਲੋਅ -

ਮੇਰੇ ਜਿੱਡਾ, ਮੇਰੇ ਵਰਗਾ ਹੋ ਕੇ !!

---

ਆ ! ਮੇਰਾ ਸਾਥ ਦੇ !!

ਰਾਤ ਹੋ ਚੱਲੀ ਹੈ..

ਪਤਾ ਨਹੀਂ ਚਾਨਣੀ ਕਿ ਸਿਆਹ ?

ਪਰ ਤੂੰ ਵਾਅਦਾ ਕਰ,

ਮੇਰੇ 'ਕੱਲੇ ਨਾਲ

ਰਾਤ ਬਿਤਾਉਣ ਦਾ

---

ਸੱਜੇ ਪਾਸੇ ਮੈਂ ਸ਼ਮ੍ਹਾ ਜਗਾਉਂਦਾ ਹਾਂ

ਤੂੰ ਖੱਬੇ ਪਾਸੇ ਮੇਰੇ ਨਾਲ

ਮਾਣਤੀ ਜਿਹੇ ਪੈ ਜਾ

ਮੈਂ ਪਾਸਾ ਪਲਟਦਾ ਹਾਂ ਤੇਰੇ ਵੱਲ

ਇੱਕ-ਮਿੱਕ ਹੋਣ ਲਈ

---

ਅੱਜ ਦੀ ਰਾਤ

ਹਮ-ਬਿਸਤਰ ਹੋਣ ਲਈ।

ਜਾਂ ਲੋਕਾਂ ਦੇ ਮਿਹਣਿਆਂ ਤੋਂ ਬਚਣ ਲਈ

ਕਿ ਕੱਲ੍ਹ ਨੂੰ ਮੈਨੂੰ ਕੋਈ

ਇਹ ਨਾ ਕਹੇ ਕਿ

ਤੇਰਾ ਤਾਂ ਤੇਰੇ ਪਰਛਾਵੇਂ ਨੇ ਵੀ

ਸਾਥ ਛੱਡ ਦਿਤੈ !!

2 comments:

ਤਨਦੀਪ 'ਤਮੰਨਾ' said...

ਬਦੇਸ਼ਾ ਸਾਹਿਬ! ਪਤਾ ਨ੍ਹੀਂ ਕਦੋਂ ਅਸੀਂ ਪਰਛਾਵਿਆਂ ਨਾਲ਼ ਤੇ ਕਦੋਂ ਪਰਛਾਵੇਂ ਸਾਡੇ ਨਾਲ਼ ਚੱਲਦੇ ਨੇ...ਸ਼ਾਇਦ ਇਸ ਦਾ ਫੈਸਲਾ ਕਦੇ ਵੀ ਨਾ ਹੋਵੇ। ਨਜ਼ਮ ਬਹੁਤ ਖ਼ੂਬਸੂਰਤ ਹੈ...ਮੁਬਾਰਕਬਾਦ ਕਬੂਲ ਕਰੋ।
ਤੂੰ ਮੇਰਾ ਹੈਂ ,

ਕਿਸੇ ਹੋਰ ਦਾ ਨਹੀਂ ;

ਮੇਰਾ ਤੂੰ ਆਪਣਾ ਪਰਛਾਵਾਂ!

ਜਿਉਂ- ਜਿਉਂ ਸੂਰਜ ਉਪਰ ਉਠਦੈ...

ਤੂੰ ਛੋਟਾ ਹੋਈ ਜਾਨੈਂ

ਦੁੱਖਾਂ ਦੀ ਸਿਖਰ ਦੁਪਿਹਰ

ਤੇ ਕਹਿਰ ਦਾ ਸੂਰਜ ਮੇਰੇ ਸਿਰ 'ਤੇ.....

ਤੂੰ..

ਤੂੰ -ਮੇਰੇ ਪੈਰਾਂ ਹੇਠ ਲੁਕ ਜਾਨੈਂ ।

ਬਹੁਤ ਖ਼ੂਬ!
ਤਮੰਨਾ

ਤਨਦੀਪ 'ਤਮੰਨਾ' said...

ਗੁਰਮੇਲ ਬਦੇਸ਼ਾ ਦੀ ਨਜ਼ਮ ਚੰਗੀ ਲੱਗੀ। ਖ਼ਤਾਂ ਤੇ ਨਜ਼ਮਾਂ 'ਚ ਉਹਨਾਂ ਦੀਆਂ ਲਿਖਤਾਂ ਦੇ ਦੋ ਵੱਖਰੇ ਰੂਪ ਨਜ਼ਰ ਆਉਂਦੇ ਹਨ।
ਕੁਲਵੰਤ ਸਿੰਘ
ਕੈਨੇਡਾ
=========
ਸ਼ੁਕਰੀਆ ਕੁਲਵੰਤ ਜੀ..ਤੁਸੀਂ ਪਹਿਲੀ ਵਾਰ ਮੇਲ ਕੀਤੀ ਹੈ।
ਤਮੰਨਾ