ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 8, 2009

ਰਾਜਿੰਦਰਜੀਤ - ਗ਼ਜ਼ਲ

ਦੋਸਤੋ! ਰਾਜਿੰਦਰਜੀਤ ਜੀ ਦੀ ਇਹ ਗ਼ਜ਼ਲ ਉਹਨਾਂ ਗ਼ਜ਼ਲਾਂ 'ਚੋਂ ਹੈ, ਜਿਸਨੂੰ ਮੈਂ ਵਾਰ-ਵਾਰ ਪੜ੍ਹਿਆ ਹੈ ਤੇ ਹਰ ਵਾਰ ਮਾਣਿਆ ਹੈ। ਉਹਨਾਂ ਦੀ ਇਹ ਕਿਤਾਬ 'ਸਾਵੇ ਅਕਸ' ਮੈਂ ਖ਼ੁਦ ਚਾਰ ਵਾਰ ਪੜ੍ਹ ਚੁੱਕੀ ਹਾਂ, ਅਤੇ ਕਈ ਗ਼ਜ਼ਲਾਂ ਅਨੇਕਾਂ ਵਾਰ। ਇਹ ਰਾਜਿੰਦਰਜੀਤ ਦੀ ਖ਼ੂਬਸੂਰਤ ਸ਼ਾਇਰੀ ਤੇ ਗ਼ਜ਼ਲਗੋਈ ਦੇ ਖੇਤਰ 'ਚ ਕੀਤੀ ਮਿਹਨਤ ਦੀ ਪ੍ਰਾਪਤੀ ਹੈ। ਸੋਚਿਆ ਅੱਜ ਕਿਉਂ ਨਾ ਤੁਹਾਡੇ ਸਭ ਨਾਲ਼ ਇਹ ਖ਼ੂਬਸੂਰਤ ਗ਼ਜ਼ਲ ਸਾਂਝੀ ਕੀਤੀ ਜਾਵੇ! ਆਸ ਹੈ ਕਿ ਗ਼ਜ਼ਲ ਵਿਚਲੇ ਖ਼ਿਆਲ ਰੂਹ ਦੀ ਸਾਰੰਗੀ ਦੇ ਰਾਗ 'ਤੇ ਜ਼ਰੂਰ ਹਾਵੀ ਹੋ ਜਾਣਗੇ। ਰਾਜਿੰਦਰਜੀਤ ਨੂੰ ਇੱਕ ਵਾਰ ਫੇਰ ਮੁਬਾਰਕਾਂ!

ਗ਼ਜ਼ਲ

ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ,

ਉਡੀਕ ਤੇਰੀ ਹਿਸਾਬ ਮੇਰਾ।

ਨਵਾਜ਼ ਮੈਨੂੰ ਤੂੰ ਆ ਕੇ ਜਲਦੀ,

ਹੈ ਤੇਰੀ ਆਮਦ ਖ਼ਿਤਾਬ ਮੇਰਾ।

----

ਨਾ ਦਿਨ ਚੜ੍ਹੇ ਦੀ ਨਾ ਦਿਨ ਲਹੇ ਦੀ,

ਨਾ ਕੁਝ ਸੁਣੇ ਦੀ ਨਾ ਕੁਝ ਕਹੇ ਦੀ,

ਹਮੇਸ਼ ਰਹਿੰਦੇ ਨੇ ਹੋ ਕੇ ਇਕਮਿਕ,

ਖ਼ਿਆਲ ਤੇਰਾ ਤੇ ਖ਼ਾਬ ਮੇਰਾ।

----

ਸਜੀਵ ਯਾਦਾਂ, ਸਜੀਵ ਕਿੱਸੇ,

ਜੋ ਆਏ ਅਕਸਰ ਹੀ ਸਾਡੇ ਹਿੱਸੇ,

ਅਸੀਮ ਚੇਤੇ ਚ ਹੁਣ ਵੀ ਮਹਿਕਣ

ਕਿਤਾਬ ਤੇਰੀ ਗੁਲਾਬ ਮੇਰਾ।

----

ਜੇ ਤੇਰਾ ਸ਼ੰਕਾ ਹੈ ਬੇਵਫ਼ਾਈ,

ਤਾਂ ਮੇਰਾ ਡੰਕਾ ਇਮਾਨਦਾਰੀ,

ਜੇ ਫੇਰ ਵੀ ਤੂੰ ਨਿਚੋੜ ਚਾਹਵੇਂ,

ਸਵਾਲ ਤੇਰਾ ਜਵਾਬ ਮੇਰਾ।

----

ਆ ਇੱਕੋ ਪਿੰਡੇ ਤੇ ਝੱਲ ਲਈਏ,

ਜੋ ਪੀੜ ਤੇਰੀ ਸੋ ਪੀੜ ਮੇਰੀ,

ਆ ਇਕੋ ਨੇਤਰ ਚੋਂ ਦੇਖ ਲਈਏ,

ਜੋ ਖ਼ਾਬ ਤੇਰਾ ਸੋ ਖ਼ਾਬ ਮੇਰਾ।

----

ਵਜੂਦ ਅਪਣੇ ਨੂੰ ਵੰਡਣੇ ਲਈ,

ਨਾ ਤੂੰ ਸੀ ਰਾਜ਼ੀ ਨਾ ਮੈਂ ਸੀ ਰਾਜ਼ੀ,

ਨਾ ਤੂੰ ਕਿਹਾ ਸੀ ਨਾ ਮੈਂ ਕਿਹਾ ਸੀ,

ਬਿਆਸ ਤੇਰਾ ਚਨਾਬ ਮੇਰਾ।

4 comments:

Silver Screen said...

Haan.... Rajinder....teri gazal da 5 vaan makta(main ni janda ke isnu makta ya kujh hor aakhde ne).. dasda hai ke kinna doongha hain tun... khooh de pani de dhratal de haan da... teri kitab shyed bahuat ghat daktraan kol puji hai... nahi tan hun tak.... Darvesh

Gurinderjit Singh (Guri@Khalsa.com) said...

RajinderJi, I am seconding the commnet made by darvesh Ji. You have portrayed two paralell states beautifully .."ਬਿਆਸ ਤੇਰਾ ਚਨਾਬ ਮੇਰਾ". wah! similarly in "ਸਵਾਲ ਤੇਰਾ ਜਵਾਬ ਮੇਰਾ" wich you have engaged your second patar in an emotonal converstaion..

How can your book reach in Montreal?? I am looking forward to it.
Regards,
Gurinder

ਤਨਦੀਪ 'ਤਮੰਨਾ' said...

ਮਾਣਯੋਗ ਰਾਜਿੰਦਰ ਜੀਤ ਜੀਓ ! ਸਤਿ ਸ੍ਰੀ ਅਕਾਲ !!
ਕੋਈ ਸ਼ਬਦ ਨਹੀਂ , ਕਿ ਜਿਸ ਨਾਲ ਤੁਹਾਡੀ ਗ਼ਜ਼ਲ ਦੀ ਤਾਰੀਫ਼ ਕਰ ਸਕਾਂ ! ਪ੍ਰਮਾਤਮਾ ਤੁਹਾਡੀ ਕਲਮ ਨੂੰ ਲੰਬੀ ਉਮਰ ਦੇਵੇ ! ਬੱਸ , ਲਿਖਦੇ ਰਹੋ । ਜਰੂਰ ਹੀ ਵੱਡੇ–ਵੱਡੇ ਗਜ਼ਲਗੋ ਵੀ ਇੱਕ ਦਿਨ ਤੁਹਾਡੀਆਂ ਲਿਖਤਾਂ ਨੂੰ ਸਲਾਮ ਕਰਨਗੇ । ਜਾਂ ਫਿਰ ਸ਼ਾਇਦ ਉਨ੍ਹਾਂ ਨੂੰ ਟੇਜ਼ਰ ਗੰਨ ਵਰਗਾ ਝਟਕਾ ਜਿਹਾ ਲੱਗ ਜਾਵੇ !
ਨਾਲੇ ਰਾਜਿੰਦਰ ! ਤਨਦੀਪ ਜੀ ਨੇ ਫੋਨ ਰਾਹੀਂ ਦਿਲ ਨੂੰ ਛੂਹ ਜਾਣ ਵਾਲੀ ਤੁਹਾਡੀ ਆਵਾਜ਼ ਵੀ ਸੁਣਾਈ । ਸੱਚੀਂ , ਰੂਹ ਨੂੰ ਸਕੂਨ ਆ ਗਿਆ ।
ਆਪਣੀ ਆਵਾਜ਼ ਨੂੰ ਵੀ ਹੋਰ ਵੱਧ ਤੋਂ ਵੱਧ ਸਰੋਤਿਆਂ ਤੱਕ ਪਹੁੰਚਾਓ !!
ਆਪਦਾ ਸ਼ੁੱਭ ਚਿੰਤਕ
ਗੁਰਮੇਲ ਬਦੇਸ਼ਾ
ਸਰੀ, ਕੈਨੇਡਾ
============
ਬਦੇਸ਼ਾ ਸਾਹਿਬ! ਰਾਜਿੰਦਰਜੀਤ ਜੀ ਦੀ ਸ਼ਾਇਰੀ ਤੇ ਆਵਾਜ਼ 'ਚ ਜੋਗੀ ਦੀ ਬੀਨ ਵਾਂਗ ਕੀਲ ਲੈਣ ਦੀ ਸ਼ਕਤੀ ਹੈ। ਪਹਿਲੀ ਕਿਤਾਬ 'ਸਾਵੇ ਅਕਸ'ਨਾਲ਼ ਹੀ ਉਹਨਾਂ ਨੇ ਆਪਣੀ ਪਹਿਚਾਣ ਗੁਰਤੇਜ ਕੋਹਾਰਵਾਲ਼ਾ ਤੇ ਜਸਵਿੰਦਰ ਵਾਂਗ ਕਾਇਮ ਕਰ ਲਈ ਹੈ। ਰਾਜਿੰਦਰਜੀਤ ਜੀ ਦੀ ਆਵਾਜ਼ ਘਰ-ਘਰ ਪਹੁੰਚੇਗੀ, ਉਹਨਾਂ ਨੇ ਅਜੇ ਮੇਰੀਆਂ ਲਿਖੀਆਂ ਖੁੱਲ੍ਹੀਆਂ ਨਜ਼ਮਾਂ ਵੀ ਤਾਂ ਗਾਉਂਣੀਆਂ ਨੇ...ਕਿਉਂ ਰਾਜਿੰਦਰਜੀਤ ਜੀ??? ਮਜ਼ਾਕ ਇੱਕ ਪਾਸੇ! ਦੋਸਤ ਹੋਣ ਤੇ ਓਹ ਵੀ ਏਹੋ ਜਿਹੇ ਬਹੁ-ਕਲਾਵਾਂ ਸੰਪਨ। ਰਸ਼ਕ ਕਰਨ ਨੂੰ ਜੀਅ ਕਰਦੈ!ਰਾਜਿੰਦਰਜੀਤ ਦਾ ਇੱਕ ਸ਼ਿਅਰ ਤੁਹਾਡੇ, ਦਰਵੇਸ਼ ਜੀ ਤੇ ਗੁਰਿੰਦਰਜੀਤ ਜੀ ਦੇ ਨਾਮ...

"ਜਦ ਲਾਲੀਆਂ ਨੇ ਹੈ ਟਹਿਕਣਾ, ਜਦ ਨ੍ਹੇਰਿਆਂ ਨੇ ਹੈ ਸਹਿਕਣਾ,
ਜਦ ਜ਼ਿੰਦਗੀ ਨੇ ਹੈ ਮਹਿਕਣਾ, ਉਹ ਸਵੇਰ ਥੋੜ੍ਹੀ ਕੁ ਦੂਰ ਹੈ।"
ਤਮੰਨਾ

Rajinderjeet said...

Darvesh ji,Badesha ji,Gurinder ji dhanvaad....Gurinder ji,tusi je apna address bhej devon taan main pustak pahunchdi kar devaan.
Aarsi da vishesh shukrana.