ਰੂਹ ਦੇ ਬਨੇਰੇ ਤੇ
ਨਜ਼ਮ
ਮੈਂ- ਉਹਨੂੰ
ਰੂਹ ਦੇ ਬਨੇਰੇ ਤੇ ਖਲੋ ਕੇ
ਆਵਾਜ਼ ਦਿਤੀ-----
ਪਰ ਉਹਦੇ ਹੁੰਗਾਰੇ ਦਾ
ਕੱਦ ਏਨਾ ਛੋਟਾ ਸੀ
ਕਿ ਨੀਵੇਂ ਲਮਕ ਕੇ ਵੀ
ਮੈਂ ਉਹਦੀ ਉਂਗਲ ਨਾ ਫੜ ਸਕੀ
....................
ਉਹ....
ਜਿਸਦਾ ਸ਼ਹਿਰ ਦੀਆਂ ਸੜਕਾਂ ਤੇ
ਪਰਛਾਵਾਂ ਬਹੁਤ ਲੰਮਾ ਸੀ---
ਅਹਿਸਾਸਾਂ ਦੀਆਂ
ਤੇਜ਼ ਹਵਾਵਾਂ ਤੇ ਚੜ੍ਹ ਕੇ
ਮੈਂ ਉਹਦੀ ਤਲਾਸ਼ ਕੀਤੀ
ਗਰਮ ਲੂਆਂ ਨੇ
ਮੇਰਾ ਪਿੰਡਾ ਲੂਹਿਆ
ਸੀਤ ਲਹਿਰਾਂ ਨੇ ਮੇਰੇ ਕੰਨ ਮਰੋੜੇ
ਪਰ ਉਹ ਮੈਨੂੰ
ਕਿਧਰੋਂ ਨਾ ਮਿਲ ਸਕਿਆ
...........................
ਉਹ...
ਜੋ ਸ਼ਹਿਰ ਦੇ ਚਿੱਟੇ ਹਨੇਰੇ ਵਿਚ
ਗੁੰਮ ਚੁੱਕਾ ਸੀ---
ਮੁਹੱਬਤ ਦੇ ਸੋਹਲ
ਸਮਰਥ ਖੰਭ
ਮੈਂ ਸੋਚਾਂ ਦੀ ਕੈਂਚੀ ਨਾਲ ਕਤਰ ਦਿਤੇ
ਹਸਦੇ ਨੈਣਾਂ ਦੇ ਮਮੋਲੇ ਵੈਰਾਗੇ ਗਏ
ਚੰਚਲ ਧੜਕਣਾਂ
ਮੇਰੀ ਛਾਤੀ ਨਾਲ ਰੁੱਸ ਗਈਆਂ
ਉਹਦੇ ਪਿਛੇ.......
ਜਿਹਦੇ ਪਿਛੇ ਪਰੰਪਰਾ ਦੇ ਪਰਬਤ ਚੀਰ ਕੇ
ਮੈਂ ਰਿਸ਼ਤਿਆਂ ਦੇ ਸਮੁੰਦਰ ਨੂੰ ਮਸਾਂ ਲੰਘਿਆ ਸੀ---
ਮੈਂ.....
ਉਹਨੂੰ
ਰੂਹ ਦੇ ਬਨੇਰੇ ਤੇ ਖਲੋ ਕੇ
ਆਵਾਜ਼ ਦਿਤੀ-----!!
2 comments:
बहुत खूबसूरत नज्म है। मन को स्पर्श करती है। बधाई !
its mind blowing nazam
hats off to you.
Post a Comment