ਅਜੋਕਾ ਨਿਵਾਸ: ਫਗਵਾੜਾ (ਕਪੂਰਥਲਾ) ਪੰਜਾਬ
ਮੌਜੂਦਾ ਕਿੱਤਾ: ਸਰਕਾਰੀ ਸੇਵਾ ( ਸਿਖਿਆ ਵਿਭਾਗ )
ਪ੍ਰਕਾਸ਼ਿਤ ਪੁਸਤਕਾਂ: ਕਹਾਣੀਆਂ ਦੀ ਇੱਕ ਕਿਤਾਬ 'ਨਾ ਪੁੱਤ, ਨਾ' ਪ੍ਰਕਾਸ਼ਿਤ ਹੋ ਚੁੱਕੀ ਹੈ ਇੱਕ ਗ਼ਜ਼ਲਾਂ ਦੀ ਕਿਤਾਬ ਛਪਣ ਲਈ ਤਿਆਰ ਹੈ।
ਮਹਿਰਮ ਸਾਹਿਬ ਇੱਕ ਪੰਜਾਬੀ ਸਾਹਿਤਕ ਮੈਗਜ਼ੀਨ ਤ੍ਰੈ-ਮਾਸਿਕ ' ਰੂਬਰੂ ' ਦਾ ਪਿਛਲੇ ਤਿੰਨ ਸਾਲ ਦਾ ਸੰਪਾਦਨ ਕਰ ਰਹੇ ਹਨ।
ਅੱਜ ਉਹਨਾਂ ਨੇ ਆਰਸੀ ਤੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
-----
ਗ਼ਜ਼ਲ
ਇਸ਼ਕ ਜਦੋਂ ਵੀ ਹੋ ਜਾਂਦਾ ਹੈ, ਏਦਾਂ ਹੋਸ਼ ਭੁਲਾ ਦਿੰਦਾ ਹੈ।
ਜਿਉਂ ਪਰਵਾਨਾ ਸ਼ਮਾਂ ਤੇ ' ਮਰ ਕੇ ' ਅਪਣਾ ਆਪ ਲੁਟਾ ਦਿੰਦਾ ਹੈ।
----
ਕਸਮਾਂ ਖਾ ਕੇ ਵਾਅਦੇ ਕਰਕੇ ਵੀ ਔਕਾਤ ਦਿਖਾ ਦਿੰਦਾ ਹੈ।
ਬੇਕਦਰਾ ਇਨਸਾਨ ਹਮੇਸ਼ਾ ਸਭ ਅਹਿਸਾਨ ਭੁਲਾ ਦਿੰਦਾ ਹੈ।
----
ਜਦ ਵੀ ਉਠਦੈ ਦਰਦ ਵਿਛੋੜੇ ਵਾਲਾ, ਜਾਨ ਸੁਕਾ ਦਿੰਦਾ ਹੈ।
ਲੇਕਿਨ ਤੇਰੇ ਆਉਣ ਦਾ ਲਾਰਾ, ਜੀਣ ਦੀ ਤਾਂਘ ਵਧਾ ਦਿੰਦਾ ਹੈ।
----
ਬੰਦਾ ਅਪਨੀ ਚੁਸਤੀ ਵਿਚ ਹੀ, ਵਸਦੇ ਘਰ ਵੀਰਾਨ ਕਰੇ, ਪਰ
ਬੱਚਾ ਤਾਂ ਅਣਭੋਲਪੁਣੇ ਵਿਚ, ਰੋਂਦੇ ਲੋਕ ਹਸਾ ਦਿੰਦਾ ਹੈ।
----
ਤਕੜੇ ਦੇ ਹੱਥ ਦੀ ਕਠਪੁਤਲੀ, ਬਣ ਜਾਂਦੈ ਹਰ ਵਾਰੀ ਹਾਕਮ,
ਮਾਤੜ ਬੰਦਾ ਮੁੜ ਮੁੜ ਉਸਦੇ ਸਿਰ ਤੇ ਤਾਜ ਸਜਾ ਦਿੰਦਾ ਹੈ।
----
ਉਸਦੇ ਬਾਰੇ ਚੰਗੀ ਮੰਦੀ ਹੁੰਦੀ ਰਹਿੰਦੀ ਹਰ ਥਾਂ ਚਰਚਾ,
ਲੱਗਦੈ ਬੰਦਾ ਠੀਕ ਨਹੀਂ ਉਹ, ਐਵੇਂ ਕੌਣ ' ਹਵਾ ' ਦਿੰਦਾ ਹੈ।
----
ਖ਼ੁਦ ਨੂੰ ਦਰਦ ਮਿਲੇ ਤਾਂ ਦਰਦ ਪਰਾਇਆ ਵੀ ਫਿਰ ਲਗਦੈ ਅਪਣਾ,
ਦਰਦ ਮਿਲੇ ਤਾਂ ਦਰਦ ਵੰਡਾਉਣਾ ਏਹੀ ਦਰਦ ਸਿਖਾ ਦਿੰਦਾ ਹੈ ।
----
ਆਪੇ ਗੁੱਸੇ ਕਰਕੇ ਉਸਨੂੰ, ਆਪੇ ਫੇਰ ਮਨਾਵਾਂ ਜਦ ਮੈਂ ,
ਮੇਰਾ ਤਰਲਾ, ਉਸਦਾ ਨਖ਼ਰਾ, ਸਾਨੂੰ ਬਹੁਤ ਮਜ਼ਾ ਦਿੰਦਾ ਹੈ।
----
ਯਾਰਾਂ ਦੀ ਜੋ ਭੀੜ ਬੜੀ ਹੈ, ਭੀੜ ਬਣੀ ਤੇ ਪਰਖ ਲਵਾਂਗਾ,
ਕਿਹੜਾ ਯਾਰ ਹਿਤੈਸ਼ੀ ਬਣਦੈ, ਕਿਹੜਾ ਯਾਰ ਦਗ਼ਾ ਦਿੰਦਾ ਹੈ।
----
ਪਿਆਰ-ਮੁਹੱਬਤ, ਮੇਲ -ਵਿਛੋੜਾ, ਦਰਦ, ਤਸੀਹੇ, ਰੋਸੇ, ਧੋਖੇ,
ਜੋ ਵੀ ਦਿਲ ਨੂੰ ਲੱਗ ਜਾਂਦਾ ਹੈ, ਹੱਥ ਵਿਚ ਕਲਮ ਫੜਾ ਦਿੰਦਾ ਹੈ।
----
ਦਿਲ ਦਾ ਰੋਗ ਅਵੱਲਾ ਹੁੰਦੈ, ਦੇਖੀਂ 'ਮਹਿਰਮ' ਲਾ ਨਾ ਬੈਠੀਂ ,
ਲਗ ਜਾਵੇ ਤਾਂ ਫਿਰ ਨਾ ਕੋਈ ਵੈਦ ਹਕੀਮ ਦਵਾ ਦਿੰਦਾ ਹੈ।
2 comments:
Jasvinder ji,Vdhaiyan...!! Bhot sohna likhde ho tusi vi...eh do she'r bhot acche lagge ne...
ਪਿਆਰ-ਮੁਹੱਬਤ, ਮੇਲ -ਵਿਛੋੜਾ, ਦਰਦ, ਤਸੀਹੇ, ਰੋਸੇ, ਧੋਖੇ,
ਜੋ ਵੀ ਦਿਲ ਨੂੰ ਲੱਗ ਜਾਂਦਾ ਹੈ, ਹੱਥ ਵਿਚ ਕਲਮ ਫੜਾ ਦਿੰਦਾ ਹੈ।
----
ਦਿਲ ਦਾ ਰੋਗ ਅਵੱਲਾ ਹੁੰਦੈ, ਦੇਖੀਂ 'ਮਹਿਰਮ' ਲਾ ਨਾ ਬੈਠੀਂ ,
ਲਗ ਜਾਵੇ ਤਾਂ ਫਿਰ ਨਾ ਕੋਈ ਵੈਦ ਹਕੀਮ ਦਵਾ ਦਿੰਦਾ ਹੈ।
ਖ਼ੁਦ ਨੂੰ ਦਰਦ ਮਿਲੇ ਤਾਂ ਦਰਦ ਪਰਾਇਆ ਵੀ ਫਿਰ ਲਗਦੈ ਅਪਣਾ,
ਦਰਦ ਮਿਲੇ ਤਾਂ ਦਰਦ ਵੰਡਾਉਣਾ ਏਹੀ ਦਰਦ ਸਿਖਾ ਦਿੰਦਾ ਹੈ ।
Mahram Sahib, Bohut khoob! bus is viraasat (heritage) nooN sambaal ke rakhna.
Just idealistic! all the best to you.
Regards
Sukhdarshan
Post a Comment