ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, March 23, 2009

ਜਸਬੀਰ ਕਾਲਰਵੀ - ਗ਼ਜ਼ਲ

ਸਾਹਿਤਕ ਨਾਮ: ਜਸਬੀਰ ਕਾਲਰਵੀ

ਅਜੋਕਾ ਨਿਵਾਸ: ਕੈਨੇਡਾ

ਕਿਤਾਬਾਂ: ਕਾਵਿ-ਸੰਗ੍ਰਹਿ: ਖ਼ਲਾਅ ਚ ਤਰਦਾ ਚਿਹਰਾ, ਅਗਸਤ ਪੰਦਰਾਂ, ਰਵਾਲ, (ਪੰਜਾਬੀ ਚ) ਅਤੇ ਰਬਾਬ ( ਹਿੰਦੀ ਚ), ਨਾਵਲ: ਫਤਹਿ, ਅੰਮ੍ਰਿਤ, ( ਪੰਜਾਬੀ ਚ) ਪ੍ਰਕਾਸ਼ਿਤ ਹੋ ਚੁੱਕੇ ਹਨ। ਨਾਵਲ: ਨਹੀਂ, ਕਾਵਿ-ਸੰਗ੍ਰਹਿ: ਗੁੰਬਦ (ਪੰਜਾਬੀ ਚ) ਅਤੇ ਹਿੰਦੀ ਕਾਵਿ-ਸੰਗ੍ਰਹਿ: ਏਕਲ ਮਾਟੀ ਪ੍ਰਕਾਸ਼ਨ ਅਧੀਨ ਹਨ।

---

ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਜਸਬੀਰ ਕਾਲਰਵੀ ਜੀ ਨੂੰ ਆਰਸੀ ਦੀ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਮੇਰੀ ਆਹਟ ਨੂੰ ਸੁਣ ਕੇ ਦਰ ਤੇਰਾ ਵੀ ਭਿੜ ਗਿਆ ਲਗਦਾ।

ਇਹ ਵੀ ਕਮਬਖ਼ਤ ਮੇਰਾ ਨਾਮ ਸੁਣ ਕੇ ਚਿੜ੍ਹ ਗਿਆ ਲਗਦਾ।

----

ਉਨ੍ਹਾਂ ਮਿੱਠੇ ਜਿਹੇ ਅਹਿਸਾਸ ਤੇ ਇੰਝ ਮਾਰੀਆਂ ਸੱਟਾਂ,

ਇਹ ਦਿਲ ਦਾ ਡੂੰਮਣਾ ਮੇਰੇ ਹੀ ਅੰਦਰ ਛਿੜ ਗਿਆ ਲਗਦਾ।

----

ਹਜ਼ਾਰਾਂ ਸੂਰਤਾਂ ਹੁਣ ਦਿਖਦੀਆਂ ਨੇ ਤੇਰੀਆਂ ਦਿਲ ਵਿਚ,

ਹਕੀਕਤ ਇਹ ਹੈ ਮੇਰੇ ਦਿਲ ਦਾ ਸ਼ੀਸ਼ਾ ਤਿੜ ਗਿਆ ਲਗਦਾ।

----

ਪਤਾ ਮੈਨੂੰ ਨਹੀਂ ਕਿ ਯਾਦ ਉਸਦੀ ਆ ਰਹੀ ਕਿੱਥੋਂ,

ਮੇਰਾ ਮਨ ਅੰਦਰੋ ਅੰਦਰ ਹੀ ਕਿੰਨਾ ਖਿੜ ਗਿਆ ਲਗਦਾ।

----

ਉਹ ਜਿਸਨੂੰ ਮਾਰਦਾ ਰਹਿੰਦਾ ਸੀ ਮੈਂ ਲੋਕਾਂ ਦੇ ਮੱਥੇ ਤੇ,

ਮੇਰੇ ਆਹਮ ਦਾ ਉਹ ਪੱਥਰ ਕਿਤੇ ਹੁਣ ਰਿੜ੍ਹ ਗਿਆ ਲਗਦਾ।

----

ਮੇਰੀ ਆਹਟ ਨੂੰ ਸੁਣ ਕੇ ਦਰ ਤੇਰਾ ਵੀ ਭਿੜ ਗਿਆ ਲਗਦਾ।

ਜਦੋਂ ਹੁਣ ਜਾ ਰਿਹਾਂ ਵਾਪਿਸ ਤਾਂ ਇਹ ਵੀ ਖਿੜ ਗਿਆ ਲਗਦਾ।

==========

ਗ਼ਜ਼ਲ

ਉਸਦੇ ਘਰ ਦੇ ਬੂਹੇ ਅੱਗੇ ਜੇ ਖ਼ਤ ਧਰ ਜਾਵਾਂਗਾ।

ਅਪਣੇ ਉਸਦੇ ਖ਼ਾਲੀਪਣ ਨੂੰ ਕੁਝ ਤਾਂ ਭਰ ਜਾਵਾਂਗਾ।

----

ਜਿਸਦੇ ਸ਼ਹਿਰ ਚ ਫਿਰਦਾ ਹਾਂ ਮੈਂ ਝੜਿਓ ਪੱਤੇ ਵਾਂਗੂੰ,

ਰੁੱਖ ਹਵਾ ਦਾ ਜਦ ਬਦਲੇਗਾ ਉਸਦੇ ਘਰ ਜਾਵਾਂਗਾ।

----

ਠੋਕਰ ਖਾ ਕੇ ਜਦ ਉੱਠਾਂਗੇ ਮੈਂ ਤੇ ਮੇਰਾ ਸਾਇਆ,

ਕੁਝ ਤਾਂ ਮੈਥੋਂ ਉਹ ਡਰ ਜਾਊ, ਕੁਝ ਮੈਂ ਡਰ ਜਾਵਾਂਗਾ।

----

ਮੈਂ ਤਾਂ ਮਰ ਕੇ ਹੰਸ ਬਣਾਂਗਾ ਜਾਂ ਫਿਰ ਬੂੰਦ ਸਵਾਤੀ,

ਖ਼ਾਲੀ ਮਾਨਸਰੋਵਰ ਅੰਬਰ ਕਿੱਦਾਂ ਜਰ ਜਾਵਾਂਗਾ।

----

ਇੱਕ ਵੀ ਹੰਝੂ ਡਿਗਿਆ ਤਾਂ ਦੂਣਾ ਛਲਕੇਗਾ ਇਹ,

ਜੀਵਨ ਦੇ ਇਸ ਸਾਗਰ ਨੂੰ ਮੈਂ ਏਨਾ ਭਰ ਜਾਵਾਂਗਾ।

----

ਤਨਹਾ ਸੜਕਾਂ, ਥਿੜਕੀ ਆਹਟ ਤੇ ਰੁਲ਼ਦੀ ਮੰਜ਼ਿਲ ਨੂੰ,

ਤੇਰੇ ਬਾਝੋਂ ਅਪਣੇ ਨਾਅ ਮੈਂ ਇਹ ਸਭ ਕਰ ਜਾਵਾਂਗਾ।


3 comments:

सतपाल ख़याल said...

ਮੇਰੀ ਆਹਟ ਨੂੰ ਸੁਣ ਕੇ ਦਰ ਤੇਰਾ ਵੀ ਭਿੜ ਗਿਆ ਲਗਦਾ।

matla te maqta ik misre naal shuru karna te nibhana bahut vadia riha .

सतपाल ख़याल said...

ਝੜਿਓ?? ਪੱਤੇ ਵਾਂਗੂੰ
is it spelled correct or is it any new word.

ਤਨਦੀਪ 'ਤਮੰਨਾ' said...

ਸਤਪਾਲ ਜੀ..ਮੈਨੂੰ ਲੱਗਦੈ ਕਿ ਜਸਬੀਰ ਕਾਲਰਵੀ ਜੀ ਨੇ 'ਝੜੇ ਹੋਏ' ਨੂੰ 'ਝੜਿਓ'ਕਰਕੇ ਇਕੱਠਿਆਂ ਬੰਨ੍ਹਿਆ ਹੈ। ਬਾਕੀ ਇਸ ਬਾਬਤ ਆਪਾਂ ਉਹਨਾਂ ਤੋਂ ਹੀ ਪੁੱਛ ਲੈਂਦੇ ਹਾਂ। ਧਿਆਨ ਦਵਾਉਂਣ ਲਈ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'