ਪੁੱਛਣ 'ਚ ਰਹਿ ਗਏ ਕਦੇ ਦੱਸਣ 'ਚ ਰਹਿ ਗਏ।
ਉਮਰਾਂ ਦੀ ਸੁੱਚੀ ਸ਼ਾਇਰੀ ਸਮਝਣ 'ਚ ਰਹਿ ਗਏ।
-----
ਮਿਲ ਕੇ ਵੀ ਭਰਮ ਰਹਿ ਗਿਆ, ਮਿਲਿਆ ਹੈ ਕਿਸਨੂੰ ਕੌਣ
ਚਿਹਰੇ ਤਾਂ ਪਿੱਛੇ ਹੀ ਕਿਤੇ ਦਰਪਣ 'ਚ ਰਹਿ ਗਏ।
-----
ਕਿੰਨੇ ਸਵਾਲ ਜ਼ਿਹਨ ਦੇ ਜੰਗਲ 'ਚ ਗੁੰਮ ਗਏ
ਕਿੰਨੇ ਸਵਾਲ ਥੰਮ ਗਈ ਧੜਕਣ 'ਚ ਰਹਿ ਗਏ।
----
ਦੱਸਿਆ ਨਾ ਨਾਮ ਤੱਕ ਵੀ ਰਾਹੀ ਨੇ ਫੇਰ ਵੀ
ਸਿਰਨਾਵੇਂ ਉਸਦੀ ਮਹਿਕ ਦੇ ਕਣ-ਕਣ 'ਚ ਰਹਿ ਗਏ।
----
ਇਸਦਾ ਵੀ ਅਪਣਾ ਰੰਗ ਹੈ, ਕਰਕੇ ਉਡੀਕ ਦੇਖ
ਕੁਝ ਪਲ ਹੀ ਭਾਵੇਂ ਹੁਣ ਮੇਰੇ ਪਰਤਣ 'ਚ ਰਹਿ ਗਏ।
----
ਦੀਵੇ ਦੇ ਵਾਂਗ ਬੁਝ ਗਿਆ, ਸੂਰਜ ਵੀ ਤੇ ਅਸੀਂ
ਕਮਰੇ ਦੀ ਬੁਝਦੀ ਜੋਤ ਨੂੰ ਸਾਂਭਣ 'ਚ ਰਹਿ ਗਏ।
1 comment:
ਬਹੁਤ ਪ੍ਰਭਾਵਸ਼ਾਲੀ ਗਜ਼ਲ;ਹਰ ਸ਼ੇਅਰ ਇਕ ਨਗੀਨਾ,ਮਾਲਾ ਦੀ ਡੋਰ ਤੇ
Post a Comment