ਅਜੋਕਾ ਨਿਵਾਸ: ਸ਼੍ਰੀ ਗੰਗਾ ਨਗਰ, ਰਾਜਸਥਾਨ
ਕਿੱਤਾ: ਪ੍ਰੀ-ਸਰਵਿਸ ਟੀਚਰ ਐਜੂਕੇਸ਼ਨ, ਸੀਨੀਅਰ ਲੈਕਚਰਾਰ ਤੇ ਹੈੱਡ ਆਫ਼ ਡਿਪਾਰਟਮੈਂਟ
ਕਿਤਾਬਾਂ: ਪਰਛਾਵਿਆਂ ਦੇ ਮਗਰ ਮਗਰ (2005), ਚੁੱਪ ਤੋਂ ਮਗਰੋਂ (2007)
ਇਨਾਮ- ਸਨਮਾਨ: ਚੁੱਪ ਤੋਂ ਮਗਰੋਂ (2007) ਕਿਤਾਬ ਨੂੰ 2008 ਦਾ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ ਮਿਲ਼ਣ ਦੀ ਘੋਸ਼ਣਾ ਹੋ ਚੁੱਕੀ ਹੈ। ਇਸ ਤੋਂ ਇਲਾਵਾ ਗੁਰਮੀਤ ਜੀ ਨੂੰ 2005 ‘ਚ ‘Jewel of India’ ਅਤੇ 2007 ‘ਚ ‘Education Acumen’ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰਮੀਤ ਜੀ ਨੇ ਅੱਜ ਆਰਸੀ ਤੇ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਤਿੰਨ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ ਮਿਲ਼ਣ ‘ਤੇ ਗੁਰਮੀਤ ਜੀ ਨੂੰ ਆਰਸੀ ਪਰਿਵਾਰ ਵੱਲੋਂ ਢੇਰ ਸਾਰੀਆਂ ਮੁਬਾਰਕਾਂ। ਬਹੁਤ-ਬਹੁਤ ਸ਼ੁਕਰੀਆ।
-----
ਨਜ਼ਮ
ਮੈਂ ਤਾਂ ਡਿੱਗ ਪਿਆ ਹਾਂ
ਸਮੇਂ ਦੀ ਅੱਖ 'ਚ
ਕਿਰਚ ਬਣ ਕੇ
ਤੂੰ ਆਪਣਾ ਖ਼ਿਆਲ ਰੱਖੀਂ
................
ਹਵਾ ਦਾ ਹਰੇਕ ਬੁੱਲਾ
ਨਹੀਂ ਲੈ ਕੇ ਆਉਂਦਾ ਖ਼ੁਸ਼ਬੋਈ
ਕਦੇ ਕਦੇ
ਬੋਲਾਂ ਚੋਂ ਵੀ ਗੁਆਚ ਜਾਵੇਗਾ
ਲੋੜੀਂਦਾ ਅਹਿਸਾਸ
....................
ਦੂਰ ਤੱਕ ਪਸਰਿਆ
ਬੇਲੋੜਾ ਚਾਨਣ ਵੀ
ਕਰੇਗਾ ਕੋਸ਼ਿਸ਼
ਤੇਰੇ ਵਜੂਦ ਨੂੰ ਢਕਣ ਦੀ
.........................
ਵਗਦੇ ਪਾਣੀਆਂ ਦਾ ਨਾ ਕਰੀਂ ਵਿਸਾਹ
ਖਬਰੇ ਕਦੋਂ ਨੀਹਾਂ ਚ ਵੜ ਜਾਣ
ਵਿਰਲ ਭਾਲ਼ ਕੇ
ਕਦੇ ਕਦੇ
ਚੰਦ ਦੀ ਥਾਂ
ਚੰਦਰੇ ਵੀ ਕਰਨਗੇ
ਰਾਤਾਂ ਤੇ ਹਕੂਮਤ
ਤੇ ਸ਼ਰੇ-ਆਮ ਹੋਵੇਗਾ ਕ਼ਤਲ
ਸਚਿਆਰਾ ਕੋਈ
ਪਰ........
...........................
ਤੂੰ ਆਪਣਾ ਖ਼ਿਆਲ ਰੱਖੀਂ
ਮੈਂ ਤਾਂ ਡਿੱਗ ਪਿਆ ਹਾਂ
ਸਮੇਂ ਦੀ ਅੱਖ 'ਚ
ਕਿਰਚ ਬਣ ਕੇ ।
=======
ਸਿਫ਼ਰ
ਨਜ਼ਮ
ਹਾਅਵਾਂ ਦੇ ਪੱਤਣ
ਸਾਹਾਂ ਦੇ ਸਰਵਰ
ਵਿੱਚ ਪੀੜਾਂ ਦਾ ਹੰਸ ਤਰੇ।
----
ਨਿੱਕੀ-ਨਿੱਕੀ ਘੁੱਟ ਨਾਲ
ਪੀਵੇਂ ਮੇਰੀ ਰੱਤੜੀ ਨੂੰ
ਮਿੱਠਾ-ਮਿੱਠਾ ਦਰਦ ਕਰੇ।
----
ਹਾਣੀਆਂ ਨੂੰ ਪੱਲੇ ਨਾਲ
ਗੰਢ ਦੇਣੀ ਭੁੱਲਗੇ ਸਾਂ
ਤਾਹੀਉ ਸਾਥੋਂ ਹੋ ਗਏ ਪਰ੍ਹੇ।
----
ਸਾਉਣ ਦਿਆਂ ਬੱਦਲਾਂ ਨੇ
ਆਹ ਕੀ ਕੀਤਾ ਮੇਰੇ ਨਾਲ
ਮੇਰਾ ਘਰ ਛੱਡ ਕੇ ਵਰ੍ਹੇ।
----
ਅੰਬਰਾਂ ਦੇ ਗਲਵੇਂ 'ਚ
ਚੰਦ ਦਾ ਤਵੀਤ ਪਾ ਕੇ
ਰਾਤ ਸੌਂ ਗਈ ਓਪਰੇ ਘਰੇ।
----
ਲੇਖਾਂ ਦਿਆ ਮਾਲੀਆ
ਕੀ ਤੂੰ ਕਰੇਂ ਰਾਖੀਆਂ ਵੇ
ਛਾਂਗ ਦਿੱਤੇ ਬਿਰਖ ਹਰੇ।
----
ਹਿੱਸੇ ਆਏ ਹਾਣੀਆਂ ਚੋਂ
ਇੱਕ ਵੀ ਨਾ ਮੇਚ ਆਇਆ
ਜਿਹੜਾ ਖਾਲੀ ਸਿਫ਼ਰ ਭਰੇ।
====
ਵਾਅਦਾ ਮਾਫ਼ ਗਵਾਹ
ਨਜ਼ਮ
ਮੈਨੂੰ ਪਤਾ ਹੈ
ਬੰਬ ਕੀਹਨੇ ਸੁੱਟਿਆ ਹੈ
ਓਹਦੇ ਇਰਾਦੇ ਬੌਨੇ ਤੇ
ਵਿਚਾਰ ਛੋਟੇ ਨੇ
......................
ਓਹਦਾ ਹੁਲੀਆ ਮੈਂ ਕਿਵੇਂ ਦੱਸਾਂ
ਨਾ ਓਹ ਪਤਲਾ ਹੈ ਨਾ ਭਾਰਾ
ਓਹਦੇ ਨੱਕ ਤਾਂ ਹੈ ਹੀ ਨਹੀ
ਜੇ ਹੁੰਦਾ ਤਾਂ
ਅਣਭੋਲ ਨਿਆਣਿਆਂ ਦੀ
ਖ਼ੁਸ਼ਬੂ ਤਾਂ ਓਹਨੂੰ ਆਉਂਦੀ ....
.............................
ਅੱਖਾਂ ਤਾਂ ਹੈ
ਪਰ ਦਿਸਦਾ ਨਹੀ
ਜੇ ਦਿਸਦਾ ਤਾਂ
ਖਿੱਲਰੀਆਂ ਲਾਸ਼ਾਂ ਨੂੰ ਵੇਖ
ਓਹ ਰੋਂਦਾ ਤਾਂ ਜ਼ਰੂਰ
..........................
ਨਾ ਓਹ ਧਰਤੀ ‘ਤੇ ਹੈ ਨਾ ਅਸਮਾਨ ‘ਤੇ
ਰਹਿੰਦਾ ਹੈ ਵਿੱਚ ਵਿਚਾਲੇ
ਤ੍ਰਿਸ਼ੰਕੂ
ਓਹ ਮਾਂ ਦਾ ਨਹੀ ਜੰਮਿਆ
ਕਿਉਂਕਿ
ਮਾਵਾਂ ਤਾਂ
ਅੱਤਵਾਦੀ ਜੰਮਦੀਆਂ ਹੀ ਨਹੀਂ
.....................
ਬੰਦਾ ਜਦੋਂ
ਪਸ਼ੂ ਬਣਦਾ ਹੈ ਤਾਂ
ਬੰਦਿਆਂ ਵਰਗਾ ਹੀ ਦਿਸਦਾ ਹੈ
ਮੇਰੇ ਅੰਦਰ ਵੀ ਹੈ ਇਹ ਪਸ਼ੂ
ਮੈਂ ਹੀ ਸੁੱਟਿਆ ਹੈ ਬੰਬ
ਮੈਂ ਹੀ ਹਾਂ
ਵਾਅਦਾ ਮਾਫ਼ ਗਵਾਹ ।
4 comments:
sifar... pad ke.. bahut sohna laggeya.. koi dil wich surinder kaur/parkash kaur da geet gun gnaun lagg piya aap muhare.. yaad nahi aa riha..
Beuatiful !!
ਵਗਦੇ ਪਾਣੀਆਂ ਦਾ ਨਾ ਕਰੀਂ ਵਿਸਾਹ
ਖਬਰੇ ਕਦੋਂ ਨੀਹਾਂ ਚ ਵੜ ਜਾਣ
ਵਿਰਲ ਭਾਲ਼ ਕੇ
ਕਦੇ ਕਦੇ
ਚੰਦ ਦੀ ਥਾਂ
ਚੰਦਰੇ ਵੀ ਕਰਨਗੇ
ਰਾਤਾਂ ਤੇ ਹਕੂਮਤ
ਤੇ ਸ਼ਰੇ-ਆਮ ਹੋਵੇਗਾ ਕ਼ਤਲ
ਸਚਿਆਰਾ ਕੋਈ
ਪਰ........waah...bhot khooob...!!
Brar ji,
bhot acchiyan laggiyan tuhadiyan nazma ...bhot accha likhde ho
tusi ...sifar vi bhot acchi nazam
hai...Bhot bhot VADHAI...!!
Brar Sahib,
MainU tuhaadiaN nazamaN bohut hi changiyaN laggiyaN...tusiN jis taraN zindagi de roushan aihsaas vich dubb_ke aapni aarzoo da izhaar keeta hai, eih aapne aap vich ik bohut vaddee misaal hai ke tuhaadi rooh kinnee sanvedansheel hai.
Just excellent! All the best to you.
Regards
Sukhdarshan
गुरमीत दीआं नज़मां बहुत चंगिआं हन। चंगी कविता पढ़नवाले नूँ अपणी गिरफ्त विच लै ही लैंदी ए! तनदीप जी, तुसी लेखक/कवि दा कान्टेक्ट नंबर जा पता वी देआ करो।
Post a Comment