
ਹਰ ਦਿਸ਼ਾ ਵਿਚ ਭਟਕਦੇ ਨੂੰ, ਹੋ ਗਈ ਅੱਧੀ ਸਦੀ।
ਤੇਰੀ ਛੋਹ ਨੂੰ ਤਰਸਦੇ ਨੂੰ, ਹੋ ਗਈ ਅੱਧੀ ਸਦੀ।
----
ਦੋਸਤੀ, ਦਰਿਆ-ਦਿਲੀ ਤੇ ਪਿਆ ਜੋ ਵੰਡਦਾ ਰਿਹਾ,
ਹੁਣ ਇਨ੍ਹਾਂ ਨੂੰ ਤਰਸਦੇ ਨੂੰ, ਹੋ ਗਈ ਅੱਧੀ ਸਦੀ।
----
ਐਨੇ ਵਰਕੇ ਜਿਨ੍ਹਾਂ ਤੇ, ਲਿਖੇ ਹੋਏ ਸ਼ਿਕਵੇ, ਗਿਲੇ,
ਰਾਤ ਦਿਨ ਇਹ ਪਰਤਦੇ ਨੂੰ, ਹੋ ਗਈ ਅੱਧੀ ਸਦੀ।
----
ਪਿਆਰ ਦੇ ਇਕ ਪਲ ‘ਚ ਜਿਨ੍ਹਾਂ, ਫਾਸਲਾ ਕੀਤਾ ਸੀ ਤੈਅ,
ਅਪਣੇ ਘਰ ਤੱਕ ਪਰਤਦੇ ਨੂੰ, ਹੋ ਗਈ ਅੱਧੀ ਸਦੀ।
----
ਹਰ ਬਸ਼ਰ ਵਿਚ ਬਾ-ਵਫ਼ਾ ਦੇ ਸੰਗ ਬੇਵਫ਼ਾਈ ਪਣਪਦੀ,
ਇਹ ਹਕੀਕਤ ਪਰਖਦੇ ਨੂੰ, ਹੋ ਗਈ ਅੱਧੀ ਸਦੀ।
----
ਰੋਜ਼ ਹੀ ਸੂਰਜ ਛਿਪੇ, ਤੇਰੇ ਵਿਛੋੜੇ ਦਾ ਸਮਾਂ,
ਸਿਲਤ ਵਾਂਗੂੰ ਰੜਕਦੇ ਨੂੰ, ਹੋ ਗਈ ਅੱਧੀ ਸਦੀ।
----
ਚੜ੍ਹਦੀ ਕਲਾ ਵਿਚ ਰੱਖਣਾ, ਹਰ ਇਕ ਨੂੰ ਮੇਰਾ ਸੁਭਾ,
ਆਪ ਲੁਕ ਲੁਕ ਵਰਸਦੇ ਨੂੰ, ਹੋ ਗਈ ਅੱਧੀ ਸਦੀ।
----
ਇਕ ਪਰਿੰਦਾ, ਇਕ ਸਵੇਰੇ, ਜਾਲ਼ ਵਿਚ ਇਉਂ ਫਸ ਗਿਆ,
ਬੇਵਸੀ ਵਿਚ ਫਟਕਦੇ ਨੂੰ, ਹੋ ਗਈ ਅੱਧੀ ਸਦੀ।
----
ਮੈਂ ਬੜਾ ਹੈਰਾਨ ਹਾਂ ਕਿ ਇਸ ਤਰ੍ਹਾਂ ਕਿੰਝ ਹੋ ਗਿਆ,
ਤੇਰੇ ਬਿਨ ਦਿਲ ਧੜਕਦੇ ਨੂੰ, ਹੋ ਗਈ ਅੱਧੀ ਸਦੀ।
----
ਜੋ ਵੀ ਅਧਵਾਟੇ ਰਿਹਾ, ਉਸ ਦੀ ਦਸ਼ਾ ਮੇਰੇ ਜਹੀ,
ਪੌਣ ਵਿਚ ਕਣ ਲਟਕਦੇ ਨੂੰ, ਹੋ ਗਈ ਅੱਧੀ ਸਦੀ।
----
ਦੇਖ, ‘ਸੁਖਮਿੰਦਰ’ ਨਾ ਮਰਿਆ, ਆਪਾਂ ਲੱਖ ਕੋਸ਼ਿਸ਼ ਕਰੀ,
ਅੱਖਾਂ ‘ਚ ਸਾਡੇ ਰੜਕਦੇ ਨੂੰ, ਹੋ ਗਈ ਅੱਧੀ ਸਦੀ।
3 comments:
khoobsurat ehsaas........khoobsurat ghazal!!!
khush raho .........!!
roop nimana
RAB RAKHA!!
Sukhminder ji eh gazal vi bakian vang bahut sohni hai...........Surjit
Great gahzal by Sukhminder Rampuri ji.
jo vi adhvate reha usdi dasha mere jahi
Paun wich latakdey noo ho gaye adhi sadi.
Amol Minhas
California
Post a Comment