
ਨਜ਼ਮ
ਮੈਂ
ਵੱਡੇ ਭਾਈ ਹਰਨੈਲ ਸਿਹੁੰ ਦੇ
ਫੁੱਲ ਲੈ ਕੇ
ਕੀਰਤਪੁਰ ਜਾ ਰਿਹਾ ਹਾਂ
..........
ਮੀਂਹ ਜ਼ੋਰ ਦੀ ਆ ਰਿਹਾ ਹੈ
ਹਨੇਰੀ ਵਗ ਰਹੀ ਹੈ
ਫੁੱਲ ਮੇਰੀ ਹਿੱਕ ਨਾਲ਼
ਚਿਪਕੇ ਹੋਏ ਹਨ
ਵੱਡਾ ਭਾਈ
ਇੱਕ ਨਵੀਂ ਦੁਨੀਆਂ ‘ਚ ਜਾ ਰਿਹਾ ਹੈ
...............
ਜਦ ਤੱਕ ਫੁੱਲ ਮੇਰੇ ਨਾਲ਼ ਸਨ
ਮੈਨੂੰ ਖ਼ੁਸ਼ਬੋ ਆਉਂਦੀ ਰਹੀ
ਦੇਖ ਰਿਹਾਂ-
ਬਸ ਦੀ ਹਰ ਸਵਾਰੀ ਦੀ
ਮੇਰੇ ਵੱਲ ਉਦਾਸੀ ਅੱਖ ਸੀ
ਮੈਂ ਫਿਰ ਵੀ
ਉਦਾਸ ਨਹੀਂ ਸਾਂ ਹੋ ਰਿਹਾ
ਮੈਂ ਧੁਰ ਤੱਕ
ਫੁੱਲਾਂ ਨਾਲ਼
ਗੱਲਾਂ ਕਰਦਾ ਗਿਆ
..............
ਕੀਰਤਪੁਰ-
ਇੱਕ ਖੁੱਲ੍ਹਾ ਵਿਹੜਾ
ਲੋਹੇ ਦੀਆਂ ਪਾਈਪਾਂ
ਕਿੰਨੀਆਂ ਹੀ ਕਤਾਰਾਂ
................
ਪਾਈਪਾਂ ਨਾਲ਼
ਕੱਪੜਿਆਂ ਦੀਆਂ ਪੋਟਲੀਆਂ
ਬੰਨ੍ਹੀਆਂ ਹੋਈਆਂ
...................
ਹੋਰ ਕਿੰਨੀ ਹੀ ਦੁਨੀਆਂ ਦੇ
ਫੁੱਲ ਟੰਗੇ ਹੋਏ ਸਨ
.................
ਗੇਟ ਵਾਲ਼ਾ ਆਦਮੀ
ਕਹਿ ਰਿਹਾ ਹੈ
ਭਾਈ-
ਆਪਣੇ ਫੁੱਲਾਂ ‘ਤੇ
ਕੋਈ ਨਿਸ਼ਾਨੀ ਲਾ ਦਿਉ
ਨਹੀਂ ਤਾਂ-
ਸਵੇਰੇ ਇੱਕ ਦੂਜੇ ਵਿਚ ਰਲ਼ ਜਾਣਗੇ
....................
ਤੁਹਾਨੂੰ ਆਪਣੇ ਫੁੱਲ ਨਹੀਂ ਜੇ ਲੱਭਣੇ!
4 comments:
Very emotional picturization.
ਸੱਚ ਨਾਲ਼ ਨਜ਼ਰਾਂ ਮਿਲ਼ਾ ਕੇ ਲਿਖੀ ਇਹ ਨਜ਼ਮ ਧੁਰ ਅੰਦਰ ਤੱਕ ਉੱਤਰ ਗਈ। ਤਮੰਨਾ, ਚੰਗਾ ਸਾਹਿਤ ਆਰਸੀ ਤੇ ਲਾਉਂਣ ਲਈ ਧੰਨਵਾਦ। ਰੱਬ ਤੈਨੂੰ ਚੰਗੀ ਸਿਹਤ ਬਖ਼ਸ਼ੇ।
ਜਸਵੰਤ ਸਿੱਧੂ
ਸਰੀ
ਚਾਹਲ ਸਾਹਿਬ ਦੀ ਕਵਿਤਾ ਨੇ ਅੱਖਾਂ 'ਚ ਪਾਣੀ ਲਿਆ ਦਿੱਤਾ। ਫੁੱਲ ਪਾਉਂਣ ਜਾਣ ਵੇਲੇ ਦਾ ਬਿਲਕੁਲ ਦ੍ਰਿਸ਼ ਖਿੱਚ ਕੇ ਰੱਖ ਦਿਤਾ ਹੈ। ਫੁੱਲ ਤਾਂ ਆਖਿਰ ਰਲਣੇ ਹੀ ਨੇ, ਪਰ ਪੋਟਲੀਆਂ ਤੇ ਨਿਸ਼ਾਨੀ ਲਾਉਂਣ ਵਾਲੀ ਗੱਲ, ਦਿਲ ਨੂੰ ਲੂੰਹਦੀ ਹੈ।
ਮਨਧੀਰ ਦਿਓਲ
ਕੈਨੇਡਾ
ਚਾਹਲ ਸਾਹਿਬ ਦੀ ਭਾਵਨਾਵਾਂ ਨੂੰ ਟੁੰਬਦੀ ਹੈ।
ਸਿਮਰਜੀਤ ਸਿੰਘ
ਅਮਰੀਕਾ
Post a Comment