ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, June 12, 2009

ਜਸਵਿੰਦਰ - ਗ਼ਜ਼ਲ

ਗ਼ਜ਼ਲ

ਹੋਰਾਂ ਲਈ ਨੇ ਗਾਗਰਾਂ ਇੱਕ ਦੋ ਬਥੇਰੀਆਂ।

ਤੇਰੀ ਨਦੀ ਤੋਂ ਮੇਰੀਆਂ ਤੇਹਾਂ ਲੰਮੇਰੀਆਂ ।

----

ਤੇਰੇ ਸ਼ਹਿਰ ਦੇ ਬਾਣੀਏਂ ਲੈ ਗਏ ਉਧਾਲ਼ ਕੇ,

ਜਦ ਵੀ ਉਮੰਗਾਂ ਮੇਰੀਆਂ ਹੋਈਆਂ ਲਵੇਰੀਆਂ।

----

ਚੰਗਾ ਭਲਾ ਸੀ ਓਸਨੂੰ ਇਕਦਮ ਕੀ ਹੋ ਗਿਆ,

ਪਹਿਲਾਂ ਬਣਾਉਂਦਾ ਹੈ ਤੇ ਫਿਰ ਢਾਹੁੰਦਾ ਹੈ ਢੇਰੀਆਂ।

----

ਹਾਲੇ ਵੀ ਸਦੀਆਂ ਬਾਦ ਹੈ ਕੰਬਦੀ ਦਰੋਪਤੀ,

ਮਰਦਾਂ ਜੁਆਰੀਆਂ ਜਦੋਂ ਨਰਦਾਂ ਬਖੇਰੀਆਂ।

---

ਏਧਰ ਤਾਂ ਨਾਗਾਂ ਘੇਰ ਲਏ ਚਿੜੀਆਂ ਦੇ ਆਹਲਣੇ,

ਉੱਡੀਆਂ ਤਾਂ ਓਧਰ ਅੰਬਰੀਂ ਕਾਗਾਂ ਨੇ ਘੇਰੀਆਂ।

----

ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ,

ਯਾਰਾਂ ਨੇ ਏਥੇ ਪੀਤੀਆਂ ਜ਼ਹਿਰਾਂ ਬਥੇਰੀਆਂ।

----

ਧਰਤੀ ਨੂੰ ਕੱਜਣ ਵਾਸਤੇ ਪੁੰਨਿਆਂ ਦੀ ਰਾਤ ਨੂੰ,

ਮਾਈ ਨੇ ਬਹਿ ਕੇ ਚੰਨ 'ਤੇ ਕਿਰਨਾਂ ਅਟੇਰੀਆਂ।


5 comments:

Unknown said...

Wah Jaswinder ji Bahut sohni gazal kahi tusi , maza aa giya.Kai sheyar ta bahut he kamal ne:
ਹੋਰਾਂ ਲਈ ਨੇ ਗਾਗਰਾਂ ਇੱਕ ਦੋ ਬਥੇਰੀਆਂ।
ਤੇਰੀ ਨਦੀ ਤੋਂ ਮੇਰੀਆਂ ਤੇਹਾਂ ਲੰਮੇਰੀਆਂ ।
ਤੇਰੇ ਸ਼ਹਿਰ ਦੇ ਬਾਣੀਏਂ ਲੈ ਗਏ ਉਧਾਲ਼ ਕੇ,
ਜਦ ਵੀ ਉਮੰਗਾਂ ਮੇਰੀਆਂ ਹੋਈਆਂ ਲਵੇਰੀਆਂ।
ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ,
ਧਰਤੀ ਨੂੰ ਕੱਜਣ ਵਾਸਤੇ ਪੁੰਨਿਆਂ ਦੀ ਰਾਤ ਨੂੰ,
ਮਾਈ ਨੇ ਬਹਿ ਕੇ ਚੰਨ 'ਤੇ ਕਿਰਨਾਂ ਅਟੇਰੀਆਂ।
Tehan,laveriyan te Ateriyan jahe punjabi de theth sabad parh ke khushi hoe.Ajj kal punjabiyan nu teh de than bahut piyaas lagdi hai. Bahut sukhriya

ਬਲਜੀਤ ਪਾਲ ਸਿੰਘ said...

Bahut khoobsurat ghazal hai Bai ji.

Unknown said...

ਜਸਵਿੰਦਰ ਜੀ, ਤੁਸੀਂ ਵੀ ਛਾ ਗਏ ਇਸ ਬਾਂਕੀ ਗ਼ਜ਼ਲ ਨਾਲ਼। ਬਹੁਤ ਵਧਾਈ।
ਜਸਵੰਤ ਸਿੱਧੂ
ਸਰੀ

Unknown said...

ਜਸਵਿੰਦਰ ਜੀ ਦੀ ਗ਼ਜ਼ਲ ਸਿਖਰਾਂ ਛੂੰਹਦੀ ਹੈ। ਹਰ ਸ਼ਿਅਰ ਕਮਾਲ ਦਾ ਹੈ।

ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ
ਯਾਰਾਂ ਨੇ ਏਥੇ ਪੀਤੀਆਂ ਜ਼ਹਿਰਾਂ ਬਥੇਰੀਆਂ

ਮਨਧੀਰ ਦਿਓਲ
ਕੈਨੇਡਾ

Unknown said...

ਜਸਵਿੰਦਰ ਦੀ ਗ਼ਜ਼ਲ ਵੀ ਬਹੁਤ ਵਧੀਆ ਹੈ। ਹਰ ਸ਼ਿਅਰ ਕਾਬਲੇ ਤਾਰੀਫ
ਸਿਮਰਜੀਤ ਸਿੰਘ
ਅਮਰੀਕਾ