ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, June 14, 2009

ਸੰਤੋਖ ਸਿੰਘ ਧੀਰ - ਨਜ਼ਮ

ਦੋਸਤੋ! ਕੱਲ੍ਹ ਹੀ ਪੰਜਾਬੀ ਦੇ ਪ੍ਰਸਿੱਧ ਲੇਖਕ ਸੰਤੋਖ ਸਿੰਘ ਧੀਰ ਸਾਹਿਬ ਦੀ ਤਬੀਅਤ ਨਾਸਾਜ਼ ਹੋਣ ਦੀ ਖ਼ਬਰ ਮਿਲ਼ੀ ਸੀ। ਆਰਸੀ ਪਰਿਵਾਰ ਵੱਲੋਂ ਉਹਨਾਂ ਦੀ ਹੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਨਾਲ਼ ਉਹਨਾਂ ਦੀ ਜਲਦ ਸਿਹਤਯਾਬੀ ਲਈ ਰੱਬ ਸੋਹਣੇ ਅੱਗੇ ਦੁਆਗੋਅ ਹਾਂ...ਆਮੀਨ!

*****

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਨਜ਼ਮ

ਫੇਰ ਧੋਖਾ ਖਾ ਗਿਆ ਮੈਂ

ਸਮਝ ਬੈਠਾ ਲਾਲ ਫਿਰ ਮੈਂ

ਪੀਕ ਗੰਦੀ ਪਾਨ ਦੀ ਨੂੰ

ਫੇਰ ਚਿੱਕੜ ਵਿਚ ਡਿੱਗਿਆ

ਹੋ ਗਿਆ ਲਥਪਥ ਮੈਂ ਸਾਰਾ।

..................

ਬਹੁਤ ਨੇ ਆਸਾਨ, ਸੂਏ

ਮਾਰ ਲੈਣੇ ਅੱਖੀਆਂ ਵਿਚ

ਬਹੁਤ ਹੈ ਮੁਸ਼ਕਿਲ

ਦ੍ਰਿਸ਼ਟੀ ਬਦਲਨੀ

ਜਜ਼ਬਿਆਂ ਦੀ ਵਾਗ

ਬੁੱਧੀ ਹੱਥ ਦੇਣੀ।

.....................

ਨਾ ਮੈਂ ਕੋਈ ਭਰਤਰੀ ਹਾਂ

ਨਾ ਮੈਂ ਕੋਈ ਸੂਰਦਾਸ

ਕਾਲ ਵੀ ਇਹ ਉਹ ਨਹੀਂ ਹੈ

ਕਾਲ ਹੈ ਇਹ ਰੌਸ਼ਨੀ ਦਾ

ਫੇਰ ਵੀ ਮੈਂ ਸਮਝ ਬੈਠਾ

ਰੇਸ਼ਮੀ ਰੱਸੀ ਸਰਪ ਨੂੰ

ਚੜ੍ਹ ਗਿਆ ਮੈਂ ਫਿਰ ਚੁਬਾਰੇ

ਵੇਸਵਾ ਚਿੰਤਾਮਣੀ ਦੇ

ਸਮਝਿਆ ਮੈਂ ਸੱਚ ਹੈ ਇਹ

ਕੂੜ ਹੈ ਬਾਕੀ ਪਸਾਰਾ

ਸੱਚ ਵੀ ਇਹ ਸੱਚ ਅੰਤਮ

ਇਸਦੇ ਅੱਗੇ ਚੰਨ-ਸੂਰਜ

ਕੁਝ ਨਹੀਂ ਹਨ।

.....................

ਕੌਣ ਦੋਸ਼ੀ?

ਕੌਣ ਨਵਾਂ?

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਮੈਂ ਹਾਂ ਦੋਸ਼ੀ

ਮੈਂ ਹਾਂ ਨੀਵਾਂ

ਕਾਲ਼ ਹੈ ਇਹ ਰੌਸ਼ਨੀ ਦਾ

ਕੋਲ਼ ਬੈਠੇ ਚੰਨ, ਸੂਰਜ ਤੇ ਸਿਤਾਰੇ

ਅੱਖੀਆਂ ਦੇ ਵਿਚ ਚੰਨ-ਸੂਰਜ

ਪੁਤਲੀਆਂ ਦੇ ਵਾਂਗ ਜਗਣ

ਫੇਰ ਵੀ ਮੈਂ ਸਮਝ ਬੈਠਾ

ਰੇਸ਼ਮੀ ਰੱਸੀ ਸਰਪ ਨੂੰ

ਚੜ੍ਹ ਗਿਆ ਮੈਂ ਫਿਰ ਚੁਬਾਰੇ

ਵੇਸਵਾ ਚਿੰਤਾਮਣੀ ਦੇ

.......................

ਵੇਸਵਾ ਚਿੰਤਾਮਣੀ ਦੋਸ਼ੀ ਨਹੀਂ ਹੈ

ਮੈਂ ਹਾਂ ਦੋਸ਼ੀ!

ਮੈਂ ਹਾਂ ਨੀਵਾਂ!!


3 comments:

Unknown said...

ਸੰਤੋਖ ਧੀਰ ਸਾਹਿਬ ਪੰਜਾਬੀ ਸਾਹਿਤ ਦੇ ਉੱਘੇ ਹਸਤਾਖ਼ਰ ਹਨ, ਉਹਨਾਂ ਦੀ ਇਹ ਨਜ਼ਮ ਬਹੁਤ ਉੱਚਾ ਮੁਕਾਮ ਰੱਖਦੀ ਹੈ।
ਜਸਵੰਤ ਸਿੱਧੂ
ਸਰੀ

Unknown said...

ਇੱਕ ਦਮ ਸਹੀ ਲਿਖਿਆ ਹੈ, ਧੀਰ ਸਾਹਿਬ ਨੇ ਕਿ ਵੇਸਵਾ ਦੋਸ਼ੀ ਨਹੀਂ, ਉਸਦੀਆਂ ਪੌੜੀਆਂ ਚੜ੍ਹਨ ਵਾਲਾ ਤੇ ਉਸਨੂੰ ਕੋਠੇ ਤੇ ਪਹੁੰਚਾਉਂਣ ਵਾਲਾ ਦੋਸ਼ੀ ਹੈ।
ਮਨਧੀਰ ਦਿਓਲ
ਕੈਨੇਡਾ

Unknown said...

Tamanna Could you please send me a copy of this poem? This poem is an eye opener.

Amol Minhas
California