
ਜਨਮ : ਪਿੰਡ ਸ਼ਾਹਕੋਟ
ਅਜੋਕਾ ਨਿਵਾਸ: ਜਲੰਧਰ, ਪੰਜਾਬ
ਕਿਤਾਬਾਂ: ਕਹਾਣੀ ਸੰਗ੍ਰਹਿ: ਇੱਕ ਲੱਪ ਯਾਦਾਂ ਦੀ, ਕਾਵਿ-ਸੰਗ੍ਰਹਿ: ਬੱਚੇ ਤੋਂ ਡਰਦੀ ਕਵਿਤਾ, ਅਚਨਚੇਤ, ਆਵਾਜ਼ ਆਏਗੀ ਅਜੇ, ਘੁੰਡੀ, ਕਮੰਡਲ, ਅਨੁਵਾਦ: ਜੰਗਲ ਦੀ ਕਹਾਣੀ, ਯਸ਼ਪਾਲ, ਸੰਪਾਦਨਾ: ਦੇਸ਼ ਵੰਡ ਦੀਆਂ ਕਹਾਣੀਆਂ, ਵਾਰਤਕ: ਧਰਤੀ ਹੋਰ ਪਰ੍ਹੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਇਨਾਮ-ਸਨਮਾਨ: ਦੀਦ ਸਾਹਿਬ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ ਕਮੰਡਲ ਲਈ ਸਾਹਿਤ ਅਕਾਦਮੀ ਐਵਾਰਡ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਹੈ।
----
ਬਕੌਲ ਜਸਵੰਤ ਦੀਦ: - "ਮੈਂ ਐਕਸਟਰੀਮਿਸਟ ਹਾਂ...ਮੇਰੀ ਮੁਹੱਬਤ, ਮੇਰਾ ਕੰਮ ਤੇ ਮੇਰੀ ਕਵਿਤਾ ਤਿੰਨੋਂ ਇਸੇ ਤਰ੍ਹਾਂ ਹੀ ਸਿਖ਼ਰ ਛੂੰਹਦੇ ਹਨ.."
----
ਦੋਸਤੋ! ਸਾਡੇ ਲਈ ਬੜੇ ਮਾਣ ਵਾਲ਼ੀ ਗੱਲ ਹੈ ਕਿ ਆਰਸੀ ਤੇ ਜਸਵੰਤ ਦੀਦ ਸਾਹਿਬ ਦੀ ਪਹਿਲੀ ਵਾਰ ਹਾਜ਼ਰੀ ਲੱਗਣ ਜਾ ਰਹੀ ਹੈ। ਅੱਜ ਉਹਨਾਂ ਨਾਲ਼ ਫੋਨ ਤੇ ਗੱਲ ਹੋਈ ਤਾਂ ਉਹਨਾਂ ਨੇ ਬੜੀ ਖ਼ੁਸ਼ੀ ਨਾਲ਼ ਆਪਣੀਆਂ ਰਚਨਾਵਾਂ ਬਲੌਗ ‘ਚ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ, ਮੈਂ ਉਹਨਾਂ ਦੀ ਤਹਿ ਦਿਲੋਂ ਮਸ਼ਕੂਰ ਹਾਂ। ਸਾਰੇ ਆਰਸੀ ਪਰਿਵਾਰ ਵੱਲੋਂ ਦੀਦ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਉਹਨਾਂ ਦੀਆਂ ਚਾਰ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਵਿੰਦਰ ਪੂਨੀਆ ਜੀ ਨੇ ਦੀਦ ਸਾਹਿਬ ਦੀ ਕਿਤਾਬ ਮੈਨੂੰ ਪੜ੍ਹਨ ਲਈ ਦਿੱਤੀ, ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
***********
ਤਾਜ਼ਾ
ਨਜ਼ਮ
ਮੈਂ ਜਦ ਵੀ ਪੁਰਾਣਾ ਹੋਣ ਲਗਦਾ ਹਾਂ
ਤੇਰੀ ਆਵਾਜ਼ ਸੁਣਦੀ ਹੈ....
ਨਵਾਂ ਨਕੋਰ ਹੋ ਜਾਂਦਾ ਹਾਂ
ਹੁਣੇ ਆਵੀ ਤੋਂ ਲਾਹਿਆ
ਨਵਾਂ ਨਕੋਰ ਬਰਤਨ
ਗਿੱਲਾ, ਕੱਚਾ, ਹੱਥਾਂ ਦੀਆਂ ਧਾਰੀਆਂ
ਨਾਲ਼ ਸੰਵਾਰਿਆ
ਅੱਗ ‘ਚ ਜਾਣ ਤੋਂ ਪਹਿਲਾਂ ਦਾ
ਰੂਪ
ਹੁਣੇ ਤੇਰੇ ਤੇਜ਼ ਘੁੰਮਦੇ ਚੱਕੇ ਤੋਂ ਉੱਤਰਿਆ...
======
ਦਾ ਐਇੰਡ
ਨਜ਼ਮ
ਤੈਨੂੰ ਅਦਾਕਾਰੀ ਦਾ ਸ਼ੌਕ ਸੀ
ਮੈਨੂੰ ਤਜਰਬੇ ਦਾ,
ਤੂੰ ਕਿਸੇ ਨਸ਼ੇ ਅੰਦਰ
ਮੁਦਰਾਵਾਂ ਬਦਲਦੀ
ਮੈਂ ਤੇਰੇ ਵੱਖੋ ਵੱਖ ਐਂਗਲ ਸ਼ੂਟ ਕਰਦਾ
...........
ਮੈਨੂੰ ਤੇਰੇ ਕਲੋਜ਼ ਅੱਪ ਡੱਲ ਲੱਗਣ ਲੱਗੇ ਅਚਾਨਕ
ਤੈਨੂੰ ਮੇਰੀ ਨਿਰਦੇਸ਼ਨਾ ਤੇ ਸ਼ੱਕ ਹੋਣ ਲੱਗਾ
..................
ਅੱਜ ਤੱਕ ਰਫ-ਕੱਟ
ਰੁਲ਼ਦੇ ਪਏ
========
ਅੱਜ-ਕੱਲ੍ਹ
ਨਜ਼ਮ
ਮੈਨੂੰ ਤੇਰਾ ਖ਼ਿਆਲ
ਬਹੁਤ ਘੱਟ ਆਉਂਦਾ ਹੈ
ਕਿਤੇ ਕਿਤੇ
ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ
ਆਪਣਾ ਨਾਂ ਲਵੇ
ਤੇ ਰੋ ਪਵੇ
ਜਾਂ ਹੱਸ
ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ ‘ਚੋਂ
ਕੱਢਦਾ ਰਹੇ ਆਪਣਾ ਆਪ
ਲਗਾਤਾਰ
==========
ਐੱਸ.ਐੱਮ.ਐੱਸ.
ਨਜ਼ਮ
ਤੂੰ ਮੇਰਾ ਹੱਥ ਫੜਿਆ
.........
ਖਿੜੇ ਬਾਗਾਂ ‘ਚੋਂ ਲੰਘਦਿਆਂ
ਮੈਂ ਤੈਨੂੰ ਚੁੰਮ ਲਿਆ
ਤੇਰਾ ਦੁਪੱਟਾ ਹਲਕਾ ਜਿਹਾ
ਉੜਿਆ
ਨਸ਼ਿਆਈ ਹਵਾ
ਤੇਰੀਆਂ ਨੀਲੀਆਂ ਅੱਖਾਂ ਅੰਦਰ ਜਾ ਗੁਆਚੀ
.........
ਜੰਗਲ਼ ਕਿੰਨਾ ਸੋਹਣਾ ਹੈ!
ਤੂੰ ਮੇਰੇ ਵੱਲ ਦੇਖਿਆ
............
ਇਹ ਤੂੰ ਮੈਨੂੰ ਕਿੱਥੇ ਲੈ ਆਈ ਹੈਂ?
ਮੈ ਤੇਰੇ ਵੱਲ ਝਾਕਿਆ
...............
ਪਹਾੜ ਦੀ ਕੰਦੀ ਤੋਂ
ਤੂੰ ਮੇਰਾ ਹੱਥ ਛੱਡ ਦਿੱਤਾ
................
ਮੇਰੀ ਆਵਾਜ਼
ਪਹਾੜਾਂ ਦਰੱਖਤਾਂ ਆਕਾਸ਼ਾਂ ਪਤਾਲਾਂ
ਨਾਲ਼ ਖਹਿੰਦੀ ਹੋਈ
..................
ਤੈਨੂੰ ਲੱਭ ਰਹੀ...
8 comments:
ਤਮੰਨਾ ਜੀ ਦੀਦ ਸਾਹਿਬ ਦੀਆਂ ਨਜ਼ਮਾਂ ਬਹੁਤ ਹੀ ਸੋਹਣੀਆਂ ਹਨ। ਇਹਨਾਂ ਨਜ਼ਮਾਂ 'ਚ ਆਪਣਾ ਹੀ ਰੰਗ ਅਤੇ ਤਾਜ਼ਗੀ ਹੈ।
ਮੈਨੂੰ ਤੇਰਾ ਖ਼ਿਆਲ
ਬਹੁਤ ਘੱਟ ਆਉਂਦਾ ਹੈ
ਕਿਤੇ ਕਿਤੇ
ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ
ਆਪਣਾ ਨਾਂ ਲਵੇ
ਤੇ ਰੋ ਪਵੇ
ਜਾਂ ਹੱਸ
ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ ‘ਚੋਂ
ਕੱਢਦਾ ਰਹੇ ਆਪਣਾ ਆਪ
ਲਗਾਤਾਰ
ਇਹ ਨਜ਼ਮ ਮੈਂ ਕਈ ਵਾਰ ਪੜ੍ਹੀ ਹੈ। ਦੀਦ ਸਾਹਿਬ ਦੀ ਆਰਸੀ 'ਚ ਹਾਜ਼ਰੀ ਤੇ ਮੇਰੇ ਵੱਲੋਂ ਵਧਾਈਆਂ।
ਮਨਧੀਰ ਦਿਓਲ
ਕੈਨੇਡਾ
ਬੇਟਾ ਤਮੰਨਾ ਅੱਜ ਐਤਵਾਰ ਦੀ ਸਵੇਰੇ ਚਾਹ ਦੇ ਕੱਪ ਨਾਲ ਜਸਵੰਤ ਦੀਦ ਹੁਰਾਂ ਦੀਆਂ ਨਜ਼ਮਾਂ ਦਾ ਆਨੰਦ ਲਿਆ ਹੈ। ਇੱਕ ਦੋ ਵਾਰੀ ਬਹੁਤ ਸਾਲ ਪਹਿਲਾਂ ਉਹਨਾਂ ਨੂੰ ਦੂਰਦਰਸ਼ਨ ਤੇ ਕਵੀ ਦਰਬਾਰ 'ਚ ਦੇਖਿਆ ਹੋਇਆ ਸੀ। ਨਜ਼ਮਾਂ ਦੀ ਭਾਸ਼ਾ 'ਚ ਸਾਦਗੀ ਪਰ ਫਿਲਾਸਫਰਾਨਾ ਸੰਕੇਤ ਮਿਸ਼ਾਲ ਦੀ ਤਰ੍ਹਾਂ ਬਲਦੇ ਹਨ। ਬੇਟਾ ਇਹਨਾਂ ਵਰਗੇ ਕਵੀਆਂ ਦੀ ਹਾਜ਼ਰੀ ਨਾਲ ਤੂੰ ਐਸੇ ਸਫਰ ਤੇ ਤੁਰ ਪਈ ਹੈ, ਜਿੱਥੇ ਤੇਰਾ ਭਵਿੱਖ ਬਹੁਤ ਉਜਲਾ ਹੈ। ਤੇਰੀ ਚੰਗੇ ਸਾਹਿਤ ਦਾ ਮੋਹ ਅਤੇ ਤਲਾਸ਼ ਤੈਨੂੰ ਉਹਨਾਂ ਮੰਜ਼ਿਲਾਂ ਵੱਲ ਲੈ ਕੇ ਜਾਵੇਗੀ, ਜਿੱਥੇ ਸ਼ਾਇਦ ਅਜੇ ਤੱਕ ਕੋਈ ਸ਼ਾਇਦ ਹੀ ਪੁੱਜਿਆ ਹੋਵੇ।
ਤੈਨੂੰ ਅਦਾਕਾਰੀ ਦਾ ਸ਼ੌਕ ਸੀ
ਮੈਨੂੰ ਤਜਰਬੇ ਦਾ
ਤੂੰ ਕਿਸੇ ਨਸ਼ੇ ਅੰਦਰ
ਮੁਦਰਾਵਾਂ ਬਦਲਦੀ
ਮੈਂ ਤੇਰੇ ਵੱਖੋ ਵੱਖ ਐਂਗਲ ਸ਼ੂਟ ਕਰਦਾ
ਮੈਨੂੰ ਤੇਰੇ ਕਲੋਜ਼ ਅੱਪ ਡੱਲ ਲੱਗਣ ਲੱਗੇ ਅਚਾਨਕ
ਤੈਨੂੰ ਮੇਰੀ ਨਿਰਦੇਸ਼ਨਾ ਤੇ ਸ਼ੱਕ ਹੋਣ ਲੱਗਾ
ਅੱਜ ਤੱਕ ਰਫ-ਕੱਟ
ਰੁਲ਼ਦੇ ਪਏ
ਇਹ ਕਵਿਤਾ ਆਧੁਨਿਕ ਪੰਜਾਬੀ ਸਾਹਿਤ ਸੰਸਾਰ ਵਿਚ ਸ਼ਾਹਕਾਰ ਰਚਨਾ ਹੈ। ਮੈਂ ਦੀਦ ਜੀ ਨੂੰ ਜੀਅ ਆਇਆ ਆਖਦਾ ਹਾਂ। ਆਰਸੀ ਨੂੰ ਵੀ ਵਧਾਈ।
ਜਸਵੰਤ ਸਿੱਧੂ
ਸਰੀ
I liked these poems by Jaswant Deed. They are different and thought provoking.
mein jad vee parana hon lagda han
teri awaz sundi hey
nava nakor ho janda han
Well put.
Amol Minhas
California
Injh lagda jive Deed Sahib nu sahit academy da award bina sifarish ate paise to milya !!!!
'ਅੱਗ ‘ਚ ਜਾਣ ਤੋਂ ਪਹਿਲਾਂ ਦਾ ਰੂਪ'
'ਮੈਨੂੰ ਤੇਰੇ ਕਲੋਜ਼ ਅੱਪ ਡੱਲ ਲੱਗਣ ਲੱਗੇ ਅਚਾਨਕ
ਤੈਨੂੰ ਮੇਰੀ ਨਿਰਦੇਸ਼ਨਾ ਤੇ ਸ਼ੱਕ ਹੋਣ ਲੱਗਾ'
'ਚੁੱਪ ਦੀ ਕੰਡੇਦਾਰ ਝਾੜੀ ‘ਚੋਂ
ਕੱਢਦਾ ਰਹੇ ਆਪਣਾ ਆਪ'
'ਪਹਾੜ ਦੀ ਕੰਦੀ ਤੋਂ
ਤੂੰ ਮੇਰਾ ਹੱਥ ਛੱਡ ਦਿੱਤਾ
ਮੇਰੀ ਆਵਾਜ਼
ਪਹਾੜਾਂ ਦਰੱਖਤਾਂ ਆਕਾਸ਼ਾਂ ਪਤਾਲਾਂ
ਨਾਲ਼ ਖਹਿੰਦੀ ਹੋਈ
ਤੈਨੂੰ ਲੱਭ ਰਹੀ...'
keho jihe ehsaas te bimb varte Deed sahib kamaal.ena satran te ik vadda article likhiya ja sakda.Deed ji ,Tamanna ji te Poonia ji vadhiya sahit paathka taq pehchaoun lai tohada bahut bahut shukriya.
main taa kadon da uhna da fan haan, ih andaz aslon navaa hai, ukka hi kise naal nahi ralda, shayad ohna de peshe karke hai, kite kite aukh mehsoos hundi hai samjhan vich par do chaar vaar paath karan te sabh khull jaanda hai, ih nazmaan doonghe arth samoi baithiaan han.
ਜਸਵੰਤ ਦੀਦ ਦੀਆਂ ਨਜ਼ਮਾਂ ਬਹੁਤ ਕੁਝ ਅਣਕਿਹਾ ਛੱਡਿਆ ਗਿਆ ਹੈ। ਇੱਕ ਪਾਠਕ ਦੇ ਤੌਰ ਤੇ ਮੈਂ ਸੋਚਾਂ 'ਚ ਹਾਂ।
ਸਿਮਰਜੀਤ ਸਿੰਘ
ਅਮਰੀਕਾ
Deep, moving, rare and beautiful.
Raaz Sandhu
Brampton
Canada
Post a Comment