
ਮਾਰੂਥਲ ਦੇ ਵਾਂਗ ਪਿਆਸੀ ਓਸਦੀ ਜਾਪੀ ਪੁਕਾਰ।
ਲੈ ਕੇ ਹਟਕੋਰੇ ਪਪੀਹਾ ਬੋਲਿਆ ਜਦ ਤੜਕਸਾਰ।
----
ਬਿਰਖ ਸੁੱਕੇ ਹੇਠ, ਸਾਵੇ ਪੱਤ ਖਿਲਰੇ ਨੇ ਗਵਾਹ,
ਰਾਤ ਨੂੰ ਚੋਰੀਂ ਇਦ੍ਹੇ ਤੇ ਰੋਜ਼ ਆਉਂਦੀ ਹੈ ਬਹਾਰ।
----
ਸੀ ਅਜੇ ਬੇਦਾਗ਼ ਤਾਂ ਵੀ ਓਸ ਨੂੰ ਜਲ਼ਣਾ ਪਿਆ,
ਫੇਰ ਕੀ ਬਣਦਾ ਕਫ਼ਨ ਦਾ ਜੇ ਉਹ ਹੁੰਦਾ ਦਾਗ਼ਦਾਰ।
----
ਕੈਂਚੀਆਂ ਚੁੱਕੀ ਹੈ ਫਿਰਦੀ ਪੌਣ ਘਰ ਦੇ ਆਸ-ਪਾਸ,
ਸ਼ੋਖ਼ ਵਿਚ ਆ ਕੇ ਪਰਿੰਦੇ ਇਸ ਤਰ੍ਹਾਂ ਨਾ ਪਰ ਖਲਾਰ।
----
ਰਾਸਤਾ ਜੀਵਨ ਦਾ ਰੰਗੀਲਾ, ਮਹਿਕਣਾ ਤੇ ਉਜਾੜ,
ਤੂੰ ਮਿਲ਼ੀ ਕੁਝ ਫੁੱਲ ਮਿਲ਼ੇ, ਫਿਰ ਦਿਨ ਮਿਲ਼ੇ ਨੇ ਸੋਗਵਾਰ।
----
ਤੂੰ ਜਿਨ੍ਹਾਂ ਦੇ ਆਲ੍ਹਣੇ ਲੂਹ ਕੇ ਬਿਤਾਈ ਸਰਦ ਰਾਤ,
ਭਰ ਕੇ ਅੱਖ ਨਾ ਹੁਣ ਉਹ ਬੇਹਰਕਤ ਪਏ ਪੰਛੀ ਨਿਹਾਰ।
----
ਇਸ 'ਚ ਸਨ ਸੋਚਾਂ ਦੇ ਜਾਲ਼ੇ ਤੇ ਨਮੋਸ਼ੀ ਦੀ ਸਲ੍ਹਾਬ,
ਉਂਝ ਇਹ ਤਨ ਦਾ ਮਹਿਲ ਬਾਹਰੋਂ ਜਾਪਦਾ ਸੀ ਸ਼ਾਨਦਾਰ।
7 comments:
ਅਮਰੀਕਾ ਜਾ ਕੇ ਬਹਿ ਗਿਓਂ ਦੱਸ ਸੋਹਲਾ ਵੇ!
..............ਸਾਡਾ ਪੌਲਾ ਵੇ!!
ਸ਼ੁਗਲ ਤਾਂ ਹੋ ਗਿਆ, ਹੁਣ ਸੰਜੀਦਾ ਗੱਲ, ਸੱਜਣ ਜੀ, ਤੁਸੀਂ ਤਾਂ ਜਾਣਦੇ ਹੋ ਕਿ 'ਸਾਵੇ' ਤੇ 'ਸਾਵ੍ਹੇ' ਵਿਚਾਲੇ ਕੀ ਫਰਕ ਹੈ, ਕਿ ਨਹੀਂ ? ਫੇਰ ਤੁਹਾਡੇ ਰੁੱਖ ਹੇਠ ਤਾਂ 'ਸਾਵੇ' ਪੱਤ ਖਿਲਰਨੇ ਚਾਹੀਦੇ ਸਨ ਨਾ ਕਿ 'ਸਾਵ੍ਹੇ'। ਕਿਤੇ ਇਹ ਪੱਤ ਤਨਦੀਪ ਦੇ ਟਾਈਪਿਸਟ ਨੇ ਤਾ ਨਹੀਂ ਖਿਲਾਰ ਦਿੱਤੇ? ਤੇ ਉਸ ਨੇ ਵੀ ਏਦਾਂ ਹੀ ਖਿੱਲਰੇ ਰਹਿਣ ਦਿੱਤੇ ਹੋਣ?
-ਬਖ਼ਸ਼ਿੰਦਰ
Sohal sahib tohade eh sheyar bahut sohne hann:
ਸੀ ਅਜੇ ਬੇਦਾਗ਼ ਤਾਂ ਵੀ ਓਸ ਨੂੰ ਜਲ਼ਣਾ ਪਿਆ,
ਫੇਰ ਕੀ ਬਣਦਾ ਕਫ਼ਨ ਦਾ ਜੇ ਉਹ ਹੁੰਦਾ ਦਾਗ਼ਦਾਰ।
Eh duniya di talakh haqiqat hai.
ਤੂੰ ਜਿਨ੍ਹਾਂ ਦੇ ਆਲ੍ਹਣੇ ਲੂਹ ਕੇ ਬਿਤਾਈ ਸਰਦ ਰਾਤ,
ਭਰ ਕੇ ਅੱਖ ਨਾ ਹੁਣ ਉਹ ਬੇਹਰਕਤ ਪਏ ਪੰਛੀ ਨਿਹਾਰ।
eh duniya da dastoor hai.
Baki Bakhshinder ji de nukte naal mein sehmat haan.
ਤਮੰਨਾ ਜੀ, ਇਹ ਬਖ਼ਸ਼ਿੰਦਰ ਨਾਂ ਦਾ ਸ਼ਖ਼ਸ ਜ਼ਿਆਦਾ ਹੀ ਮਗਰ ਪੈ ਗਿਆ ਹੈ. ਪਰ ਗੱਲ ਬੜੇ ਪਤੇ ਦੀ ਕਰ ਜਾਂਦਾ ਹੈ. ਇਹੋ ਜਿਹੇ ਸ਼ਖ਼ਸ ਦਾ 'ਆਰਸੀ' ਨਾਲ ਜੁੜਨਾ ਜਿੱਥੇ 'ਆਰਸੀ' ਲਈ ਚੰਗੇ ਭਵਿੱਖ ਦੀ ਨਿਸ਼ਾਨੀ ਹੈ, ਉਥੇ ਮੇਰੇ ਵਰਗੇ ਅਨਾੜੀ ਬੰਦੇ ਲਈ ਤਾਂ ਜਾਦੂ ਦੀ ਛੜੀ ਹੈ, ਜਿਸ ਦੀ ਛੋਹ ਨਾਲ ਵੱਡੀਆਂ ਵੱਡੀਆਂ ਗ਼ਲਤੀਆਂ ਛਿਨ ਵਿਚ ਸੁਧਰ ਜਾਂਦੀਆਂ ਹਨ.
ਤਮੰਨਾ ਜੀ, ਆਖ਼ਰੀ ਸ਼ੇਅਰ ਦਾ ਪਹਿਲਾ ਮਿਸਰਾ ਇੰਝ ਹੈ:
ਇਸ 'ਚ ਸਨ ਸੋਚਾਂ ਦੇ ਜਾਲੇ ਤੇ ਨਮੋਸ਼ੀ ਦੀ ਸਲ੍ਹਾਬ,
ਬਖ਼ਸ਼ਿੰਦਰ ਜੀ ਦਾ ਇਕ ਵਾਰ ਫੇਰ ਸ਼ੁਕਰੀਆ. ਮੈਂ ਉਹਨਾਂ ਦੀ ਗ਼ਜ਼ਲ ਬਾਰੇ ਵਿਚਾਰ ਲਿਖੇ ਸਨ, ਪਤਾ ਨਹੀਂ ਕਿਉਂ ਮੇਰੇ ਕੰਪਿਊਟਰ ਤੋਂ ਵਿਚਾਰ ਪੋਸਟ ਨਹੀਂ ਹੁੰਦੇ.
ਸੁਰਿੰਦਰ ਸੋਹਲ
ਸਤਿਕਾਰਤ ਬਖ਼ਸ਼ਿੰਦਰ ਜੀ ! ਇਹ ਗ਼ਜ਼ਲ ਮੈਂ ਖ਼ੁਦ ਹੀ ਟਾਈਪ ਕੀਤੀ ਸੀ,ਕਈ ਵਾਰ ਟਾਈਪਿੰਗ 'ਚ ਗ਼ਲਤੀ ਰਹਿ ਹੀ ਜਾਂਦੀ ਹੈ, ਸੋ ਤੁਸੀਂ ਏਨੇ ਧਿਆਨ ਨਾਲ਼ ਪੜ੍ਹਦੇ ਹੋ ਤੇ ਈਮੇਲ ਕਰਕੇ ਧਿਆਨ ਦਵਾ ਦਿੰਦੇ ਹੋ, ਆਰਸੀ ਦੀ ਖ਼ੁਸ਼ਨਸੀਬੀ ਹੈ। ਬਹੁਤ-ਬਹੁਤ ਸ਼ੁਕਰੀਆ।
ਸੋਹਲ ਸਾਹਿਬ!ਆਖਰੀ ਸ਼ਿਅਰ ਦੇ ਪਹਿਲੇ ਮਿਸਰੇ'ਚ ਸੋਧ ਕਰ ਦਿੱਤੀ ਗਈ ਹੈ। ਮੇਰਾ ਮੰਨਣਾ ਹੈ ਕਿ ਗ਼ਲਤੀਆਂ ਵੱਲ ਧਿਆਨ ਵੀ ਓਹੀ ਸ਼ਖ਼ਸ ਦਵਾਏਗਾ, ਜੋ ਤੁਹਾਡੀ ਖ਼ੈਰ ਮੰਗਦਾ ਹੋਵੇ!ਮੈਂ ਤਾਂ ਅਜੇ ਪੰਜਾਬੀ ਦੀ ਟਾਈਪ ਸਿੱਖ ਹੀ ਰਹੀ ਹਾਂ, ਹੁਣੇ ਗ਼ਲਤੀਆਂ ਸੁਧਰ ਜਾਣ ਤਾਂ ਚੰਗਾ ਹੈ। ਤੁਹਾਡਾ ਵੀ ਬੇਹੱਦ ਸ਼ੁਕਰੀਆ।
ਆਰਸੀ ਤੁਹਾਡੀ ਹਮੇਸ਼ਾ ਰਿਣੀ ਰਹੇਗੀ।
ਅਦਬ ਸਹਿਤ
ਤਨਦੀਪ ਤਮੰਨਾ
Saare shear kamaal,khas kar doosra shear.....
...Wah! Sohal Sahib...tuhaadi is ghazal de saarey shers hi vadhiya han...thanks...Sukhdarshan...
Post a Comment