
ਨਜ਼ਮ
ਚਾਰ ਚੁਫ਼ੇਰੇ
ਫੈਲ ਰਹੀ ਹੈ ਰਾਤ।
.............
ਧਰਮ
ਰਾਜਨੀਤੀ
ਅਰਥ-ਵਿਵਸਥਾ
ਸਭ ਨੂੰ ਕਲ਼ਾਵੇ ਵਿਚ ਲੈ ਰਹੀ।
...................
ਮਨ ਨੂੰ ਗ੍ਰਸ ਰਹੀ
ਤਨ ਨੂੰ ਗ੍ਰਸ ਰਹੀ
ਲੰਮੇਰੀ ਹੁੰਦੀ ਜਾ ਰਹੀ।
.................
ਸਰਘੀ ਦਾ ਰੂਪ
ਬਣ ਤਾਂ ਸਕਦੀ ਹੈ ਇਹ ਰਾਤ
ਤੂੰ !
ਸੂਰਜ ਦਾ ਸੰਕਲਪ ਧਾਰ!
======
ਰਾਤ – 2
ਨਜ਼ਮ
ਮੇਰੇ ਦੁਆਲ਼ੇ ਲਿਪਟ ਰਹੀ ਹੈ ਰਾਤ
ਕਾਲ਼ੀ ਸਰਾਲ਼ ਵਰਗੀ
.....................
ਮੇਰੀ ਵਿਦਵਤਾ
ਮੇਰਾ ਗਿਆਨ
ਪਾਠ-ਪੁਸਤਕਾਂ
ਕਲਾ
ਸਾਹਿਤ
ਇੱਕੋ ਸਾਹੇ ਡੀਕ ਰਹੀ ਹੈ।
.............
ਛਟਪਟਾ ਰਿਹਾ ਹਾਂ ਮੈਂ
ਘੁਲ਼ ਰਿਹਾਂ ਸਰਾਲ਼ ਨਾਲ਼।
=====
ਰਾਤ – 3
ਨਜ਼ਮ
ਰਾਤ ਹੈ
ਹਨੇਰਾ ਹੈ
ਬੱਦਲ਼ਵਾਈ ਹੈ
...............
ਪਹੁ ਫੁੱਟੇਗੀ
ਚਾਨਣ ਹੋਵੇਗਾ
ਆਕਾਸ਼ ਲਿਸ਼ਕੇਗਾ
................
ਮਨੁੱਖ ਆਸ ਨਾਲ਼ ਜਿਉਂਦਾ ਹੈ।
No comments:
Post a Comment