
ਨਜ਼ਮ
ਇਕ ਦਿਨ
ਜਦ ਮੈਂ ਲਹਿਰ ਜਿਹਾ ਹੋ
ਮਸਤੀ ਲੱਦਿਆ
ਇਕ ਛੱਲ ਬਣ ਕੇ
ਚੰਨ ਛੂਹਣ ਦਾ ਹੀਲਾ ਕੀਤਾ
ਮੇਰੀ ਪਹੁੰਚ...
ਮੇਰੇ ਇਸ਼ਟ ਦੇ ਮੇਚ ਨਾ ਆਈ!
..............
ਮੈਂ ਮੁੜ ਲਹਿਰ
ਫਿਰ
ਅਪਣ ਹਿੱਕ ਉੱਤੇ ਆ ਵਿਛਿਆ।
ਤੇ
ਕਿਧਰੇ ਕੋਈ ਚੰਨ ਨਹੀਂ ਸੀ
ਸੀਰਤਮਈ ਬਿਹਬਲਤਾ ਅਣਥੱਕ
ਮੈਂ ਫਿਰ ਅੰਦਰ ਝਾਤੀ ਮਾਰੀ
ਨੂਰ ਜਿਹਾ ਕੁਝ
ਨਜ਼ਰਾਂ ਸਾਹਵੇਂ ਆਣ ਖਲੋਤਾ।
...............
ਚੰਨ ਨੂੰ ਮੁੜ ਹਥਿਆਉਂਣ ਲਈ
ਮੈਂ ਫਿਰ ਚੁੱਭੀ ਮਾਰੀ
ਅਗਲੇ ਪਲ ਉਹ ਹੱਥਾਂ ਵਿਚੋਂ
ਸਰਕ ਗਿਆ ਸੀ
ਉਸਦਾ ਚਾਨਣ ਦੁੱਧਲ ਚਿੱਟਾ
ਹੋਰ ਡੂੰਘੇਰਾ
ਹੋਰ ਪਕੇਰਾ ਰੂ-ਬ-ਰੂ ਸੀ!
ਮੈਂ ਸਾਹੋ-ਸਾਹ ਹਫ਼ਿਆ!
ਬਿਹਬਲ
ਹੋਰ ਡੂੰਘੇਰਾ ਜਾ ਲੱਥਿਆ।
................
ਚਾਨਣ....ਚਾਨਣ
ਫੈਲ ਗਿਆ ਉਹ ਹਰ ਪਾਸੇ
ਹਰ ਦਿੱਖ-ਦਿਸ਼ਾ ਵਿਚ
ਮੈਂ ਨਿਸ਼ਚਿਤ
ਮਂ, ਪਰ
ਇਕ ਪਲ ਠਹਿਰ ਗਿਆ ਸਾਂ
.............
ਚਾਨਣ, ਚਾਨਣ
ਹਰ ਰਾਹ ਚਾਨਣ
ਹਰ ਸ਼ੈਅ ਚਾਨਣ
ਪਰ ਕਿਧਰੇ ਚੰਨ ਨਹੀਂ ਸੀ!
................
ਮੈਂ ਫਿਰ ਹੋਰ ਡੂੰਘੇਰਾ ਲੱਥਿਆ
ਧਰਤ ਦੀ ਛੋਹ ਵਿਚ
ਮਿੱਟੀ ਦੀ ਖ਼ੁਸ਼ਬੂ ਹਥਿਆਈ!
ਮੇਰੀ ਕਾਇਆ
ਅੱਥਰੂ ਅੱਥਰੂ ਬੂੰਦ ਸਮਾਈ
ਤੇ ਇਕ ਸਿੱਪ ਅੰਦਰ ਜਾ ਬੈਠੀ
ਮੈਂ ਹੁਣ
ਉਸ ਸਿੱਪ ਦਾ ਮੋਤੀ ਹਾਂ!
2 comments:
very beautiful poem....full of poetical expression. Surjit
...Seerat Ji: Your poem is brilliant!...Sukhdarshan...
Post a Comment