

ਏਨਾ ਟੁੱਟ ਗਿਆ ਹਾਂ ਅੜੀਏ ਮੁੜ ਕੇ ਮੈਥੋਂ ਜੁੜ ਨਈਂ ਹੋਣਾ
ਪਰਦੇਸਾਂ ਵਿਚ ਰੁਲ਼ ਜਾਣਾ ਏ ਹੁਣ ਵਤਨਾਂ ਨੂੰ ਮੁੜ ਨਈਂ ਹੋਣਾ।
ਖ਼ਾਬਾਂ ਦੀ ਇਕ ਸੇਜ ਸਜਾ ਕੇ ਰੰਗਲੇ ਪਲੰਘ ਨੁਆਰੀ ‘ਤੇ...
ਮੇਰੇ ਨਾਂ ਦਾ ਫੁੱਲ ਨਾ ਪਾਈਂ ਤੂੰ ਆਪਣੀ ਫੁਲਕਾਰੀ ‘ਤੇ।
-----
ਵਗਦੇ ਪਾਣੀ ਵਿਚ ਵਹਾ ਦੇਈਂ ਮਣਕੇ ਓਸ ਜ਼ੰਜੀਰੀ ਦੇ
ਨਾਲ਼ ਵਹਾ ਦੇਈਂ ਟੁਕੜੇ ਕਰਕੇ ਮੇਰੇ ਖ਼ਤ ਅਖ਼ੀਰੀ ਦੇ।
ਸਹੁੰ ਤੈਨੂੰ ਜੇ ਸੋਗ ਮਨਾਇਆ ਮੇਰੀ ਕਿਸਮਤ ਹਾਰੀ ‘ਤੇ...
ਮੇਰੇ ਨਾਂ ਦਾ ਫੁੱਲ ਨਾ ਪਾਈਂ...................
----
ਬੀਤੇ ਪਲ ਭੁਲਾਉਂਣੇ ਔਖੇ ਪਰ ਬੀਤੇ ਨੂੰ ਭੁੱਲ ਜਾਈਂ ਤੂੰ
ਜ਼ਿੰਦਗੀ ਦੀ ਤਸਵੀਰ ‘ਚ ਮੁੜ ਕੇ ਰੰਗਾਂ ਵਾਂਗੂੰ ਘੁਲ਼ ਜਾਈਂ ਤੂੰ।
ਝਿਲਮਿਲ ਕਰਦੇ ਮੋਤੀ ਲਾ ਕੇ ਗੋਟੇਦਾਰ ਕਿਨਾਰੀ ‘ਤੇ.....
ਮੇਰੇ ਨਾਂ ਦਾ ਫੁੱਲ ਨਾ ਪਾਈਂ...................
-----
ਇੰਜ ਵੀ ਹੁੰਦੈ ਸੁਪਨੇ ਸਾਰੇ ਖ਼ੁਦ ਦਫ਼ਨਾਉਂਣੇ ਪੈ ਜਾਂਦੇ ਨੇ
ਕਦੇ ਕਦੇ ਜਿਉਂ ਅੰਗ ਨਕਾਰੇ ਆਪ ਕਟਾਉਂਣੇ ਪੈ ਜਾਂਦੇ ਨੇ।
ਟੁੱਟੇ ਤਾਰੇ ਦਾ ਸਰਨਾਵਾਂ ਮਿਲ਼ੇ ਨਾ ਦੁਨੀਆਂ ਸਾਰੀ ‘ਤੇ....
ਮੇਰੇ ਨਾਂ ਦਾ ਫੁੱਲ ਨਾ ਪਾਈਂ.....................
2 comments:
Geet de ik ik akhar lyee mera sir hazir hai ........ Kaash mere inne sir hundei ......
ਹਰਜਿੰਦਰ ਕੰਗ ਦੀ ਕਲਮ ਤੋਂ ਇਕ ਹੋਰ ਬਹੁਤ ਹੀ ਸੰਵੇਦਨਸ਼ੀਲ
ਗੀਤ ਪੋਸਟ ਕਰਨ ਲਈ 'ਆਰਸੀ' ਦਾ ਧੰਨਵਾਦ
Post a Comment