ਨਜ਼ਮ
ਬੰਬਾਂ ਅਤੇ ਬੰਦੂਕਾਂ ਨਾਲ ਹੀ
ਦਹਿਸ਼ਤ ਨਹੀਂ ਫੈਲਦੀ-
ਸ਼ਬਦ ਵੀ ਵਿਸਫੋਟਕ ਹੋ
ਮਨੁੱਖੀ ਚੇਤਨਾ ਨੂੰ
ਚੀਥੜਾ, ਚੀਥੜਾ ਕਰ ਸਕਦੇ ਹਨ
...............
ਹਾਸੇ ਦੀ ਖੜਖੜ ਪਿਛੇ ਲੁਕੀ
ਵਿਅੰਗ ਦੀ ਲੇਜ਼ਰ ਬੀਮ ਵੀ
ਤੁਹਾਡੀ ਰੀੜ੍ਹ ਦੀ ਹੱਡੀ ਦੇ
ਮਣਕਿਆਂ ਨੂੰ, ਇੱਕ ਇੱਕ ਕਰਕੇ
ਚੀਨਾ, ਚੀਨਾ ਕਰ ਸਕਦੀ ਹੈ
.................
ਧਰਮ, ਜ਼ਾਤ-ਪਾਤ, ਰੰਗ, ਨਸਲ ਦਾ ਭੇਦ
ਮਨੁੱਖਾਂ ਨਾਲ ਹੋਏ ਜਾਨਵਰਾਂ ਵਰਗੇ
ਵਰਤਾਓ ਦਾ ਰੂਪ ਵਟਾ
ਮਨੁੱਖਾਂ ਦੀ ਮਾਨਸਿਕਤਾ ਵਿੱਚ
ਤਰੇੜਾਂ ਪੈਦਾ ਕਰ ਸਕਦਾ ਹੈ
.......................
ਦੱਬੇ ਕੁਚਲੇ ਲੋਕਾਂ ਨੂੰ
ਪੈਰਾਂ ਥੱਲੇ ਲਿਤਾੜੀ ਰੱਖਣ ਦੀ
ਸਾਜ਼ਿਸ਼ ਅਧੀਨ, ਗਰੀਬ ਰੱਖਿਆ ਜਾਣਾ
ਸਮੇਂ ਨਾਲ, ਐਟਮ ਬੰਬ ਬਣ ਸਕਦਾ ਹੈ
............................
ਔਰਤ ਨੂੰ ਉਮਰ ਭਰ
ਗੁਲਾਮੀ ਦੀਆਂ ਜ਼ੰਜੀਰਾਂ ‘ਚ
ਜਕੜੀ ਰੱਖਣ ਲਈ
ਦਿਮਾਗ਼ ਨੂੰ ਜੰਦਰਾਬੰਦ ਕਰਨਾ
ਵਿਦਰੋਹ ਦੇ ਭਾਂਬੜ ਬਾਲ ਸਕਦਾ ਹੈ
....................
ਬੇਗੁਨਾਹ ਰੁੱਖਾਂ ਉੱਤੇ ਡਿੱਗ ਰਹੀ
ਅੱਤਿਆਚਾਰੀ ਬਿਜਲੀ ਨੂੰ ਦੇਖ
ਸਾਜ਼ਿਸ਼ੀ ਚੁੱਪ ਵੱਟ ਲੈਣੀ ਵੀ
ਘੋਰ ਤਬਾਹੀ ਨੂੰ ਜਨਮ ਦੇ ਸਕਦੀ ਹੈ
ਦੋਸਤੀ ਦਾ ਮਖੌਟਾ ਪਾ ਕੇ
ਕਿਸੀ ਦੀਆਂ ਭਾਵਨਾਵਾਂ ਨੂੰ
ਤਹਿਸ ਨਹਿਸ ਕਰਨਾ
ਘੋਰ ਨਫ਼ਰਤ ਨੂੰ
ਜਨਮ ਦੇ ਸਕਦਾ ਹੈ
................
ਦਹਿਸ਼ਤ-
ਬੰਬਾਂ ਅਤੇ ਬੰਦੂਕਾਂ ਨਾਲ ਹੀ
ਨਹੀਂ ਫੈਲਦੀ
ਦਹਿਸ਼ਤ
ਤਾਂ ਸਾਡੀ ਚੇਤਨਾ ਵਿੱਚ
ਸੁਲਗ ਰਹੀ
ਬੇਗਾਨਗੀ ਦਾ ਵਿਸਤਾਰ ਹੁੰਦਾ ਹੈ!
2 comments:
Bahut sohniyan ne eh satran:
ਬੰਬਾਂ ਅਤੇ ਬੰਦੂਕਾਂ ਨਾਲ ਹੀ
ਦਹਿਸ਼ਤ ਨਹੀਂ ਫੈਲਦੀ-
ਸ਼ਬਦ ਵੀ ਵਿਸਫੋਟਕ ਹੋ
ਮਨੁੱਖੀ ਚੇਤਨਾ ਨੂੰ
ਚੀਥੜਾ, ਚੀਥੜਾ ਕਰ ਸਕਦੇ ਹਨ
Bilkul 'Attwaad' kalla bamba te badookan de varton naal he nahi hunda,kise de dharm,vishvaash ,culture or boli nu tabah karan lai kojhiyan chaalan chalnia ve 'Attwaad' hunda hai.Sabdan de 'hinsa' bandookan de hinsa naalon vadh hinsak hundi hai jehri 'aahinsa parmo dharm'de naam thalle vadhdi fuldi hai.Hinsa de kai roop ne rabb khair kare.
बहुत सुन्दर, दिल और ज़ेहन को झकझोरने वाली कविता लगी।
Post a Comment