
ਨਜ਼ਮ
ਕਿਧਰੇ ਰੂਪ ਖਿੜਿਆ ਜਾਪਦਾ
ਕਿ ਮਹਿਕੇ ਵਾਦੀ ਵਿਚ ਹਵਾ
ਜਾਂ ਸੋਹਣਾ ਫੁੱਲ ਗੁਲਾਬ ਦਾ
ਪੱਥਰ ਵਿਚੋਂ ਉਗ ਪਿਆ
----
ਜਾਂ ਜੋਬਨ ਕਿਧਰੇ ਮਹਿਕਦਾ
ਮਸਤ ਹਵਾ ਨੇ ਚੁੰਮ ਲਿਆ
ਜਾਂ ਤ੍ਰੇਲ ਫੁੱਲਾਂ ਨੂੰ ਚੁੰਮ ਕੇ
ਘੁਲ ਗਈ ਵਿਚ ਫ਼ਜ਼ਾ
----
ਜਾਂ ਸੁਹਾਗਣ ਕੋਈ ਸਾਂਵਲੀ
ਬੈਠੀ ਫੁੱਲਾਂ ਦੀ ਸੇਜ ਵਿਛਾ
ਜਾਂ ਸ੍ਵਰ-ਮੰਡਲ ਤੇ ਕੋਈ
ਰਾਗ ਮਹਿਕਾਂ ਦੇ ਛੇੜ ਰਿਹਾ
----
ਜਾਂ ਬਿਰਹਣ ਕੋਈ ਵਿਰਾਗੜੀ
ਬੇਠੀ ਬਿਰਹੋਂ ਦੀ ਧੂਪ ਧੁਖ਼ਾ
ਜਾਂ ਰੁੱਤ ਇਸ਼ਕ ਦੀ ਆ ਗਈ
ਮਹਿਕਾਂ ਦੇ ਵਸਤਰ ਪਾ
----
ਜਾਂ ਫੁੱਲ ਕੰਵਲ ਦਾ ਮੱਤੜਾ
ਮੱਤੀ ਹਵਾ ਸੰਗ ਖੇਡ ਰਿਹਾ
ਜਾਂ ਤ੍ਰਿੰਝਣੀ ਸਖੀਆਂ ਬੈਠੀਆਂ
ਚੰਨਣ ਦੇ ਚਰਖੇ ਡਾਹ
----
ਜਾਂ ਮਹਿਕਾਂ ਕੋਈ ਰਿੜਕਦਾ
ਚਾਟੀ ਵਿਚ ਮਧਾਣੀ ਪਾ
ਜਾਂ ਫੁੱਲ ਸਰੋਂ ਦੇ ਚੁੰਮ ਕੇ
ਝੁੰਮਰ ਪਾਏ ਅੱਜ ਹਵਾ
----
ਜਾਂ ਦੁਲਹਣ ਕੋਈ ਮਹਿਕਦੀ
ਹੱਥੀਂ ਸ਼ਗਨਾਂ ਦੀ ਮਹਿੰਦੀ ਲਾ
ਜਾਂ ਰੂਪ ਕੁਆਰੀ ਨਾਰ ਦਾ
ਕਲੀਆਂ ਵਾਂਗੂ ਮਹਿਕ ਰਿਹਾ
----
ਜਾਂ ਪ੍ਰੇਮਕਾ ਕੋਈ ਮਹਿਕਦੀ
ਆਪਣੇ ਪ੍ਰੇਮੀ ਨੂੰ ਗਲ ਲਾ
ਜਾਂ ਹਸਦੀ ਕਿਸੇ ਮੁਟਿਆਰ ਦਾ
ਸੰਦਲੀ ਹਾਸਾ ਡੁਲ੍ਹ ਗਿਆ
----
ਜਾਂ ਸਾਉਣ ਮਹੀਨਾ ਮਹਿਕਦਾ
ਇਸ਼ਕ ਦਾ ਮੀਂਹ ਬਰਸਾ
ਜਾਂ ਚੁੰਮਣ ਪ੍ਰੇਮ-ਅਗਨ ਦਾ
ਬੁੱਲ੍ਹਾਂ ਉੱਤੇ ਸੁਲਗ ਰਿਹਾ
----
ਜਾਂ ਸੁਣ ਕੇ ਬੋਲ ਫ਼ਕੀਰ ਦੇ
ਜੋਗਣ ਹੋ ਗਈ ਅੱਜ ਹਵਾ
No comments:
Post a Comment