ਤੁਹਾਡੇ ਧਿਆਨ ਹਿੱਤ - ਜ਼ਰੂਰੀ ਸੂਚਨਾ

ਦੋਸਤੋ! ਮੇਰੀ ਤਬੀਅਤ ਅਚਾਨਕ ਨਾਸਾਜ਼ ਹੋਣ ਕਰਕੇ ਕੁਝ ਦਿਨਾਂ ਲਈ ਆਰਸੀ ਲਈ ਪਹੁੰਚਣ ਵਾਲ਼ੇ ਲੇਖ, ਕਹਾਣੀਆਂ, ਸਾਹਿਤਕ ਰਿਪੋਰਟਾਂ, ਕਿਤਾਬਾਂ ਦੇ ਰਿਵੀਊ ਆਦਿ ਪੋਸਟ ਨਹੀਂ ਕੀਤੇ ਜਾ ਸਕਣਗੇ। ਸੋ ਆਰਸੀ ਰਿਸ਼ਮਾਂ ਅਤੇ ਬਾਕੀ ਬਲੌਗਜ਼ ਕੁਝ ਦਿਨਾਂ ਲਈ ਅਪਡੇਟ ਨਹੀਂ ਹੋ ਸਕਣਗੇ, ਇਸਦਾ ਮੈਨੂੰ ਖ਼ੇਦ ਹੈ। ਨਵੇਂ ਲੇਖਕ ਸਾਹਿਬਾਨ ਨੂੰ ਵੀ ਹਾਜ਼ਰੀ ਲਈ ਇੰਤਜ਼ਾਰ ਕਰਨਾ ਪਵੇਗਾ। ਤੁਸੀਂ ਆਰਸੀ ਤੇ ਫੇਰੀ ਜ਼ਰੂਰ ਪਾਉਂਦੇ ਰਹਿਣਾ, ਕਿਉਂਕਿ ਮੁੱਖ ਪੇਜ ਨੂੰ ਰੋਜ਼ਾਨਾ ਅਪਡੇਟ ਕਰਨ ਦੀ ਮੇਰੀ ਪੂਰੀ ਕੋਸ਼ਿਸ਼ ਰਹੇਗੀ। ਤੁਸੀਂ ਰਚਨਾਵਾਂ ਭੇਜਦੇ ਰਹਿਣਾ। ਤੁਹਾਡੇ ਹਰ ਸਹਿਯੋਗ ਲਈ ਮੈਂ ਤੁਹਾਡੀ ਸਭ ਦੀ ਸ਼ੁਕਰਗੁਜ਼ਾਰ ਹਾਂ।

ਅਦਬ ਸਹਿਤ
ਤਨਦੀਪ 'ਤਮੰਨਾ'

ਆਰਸੀ ਤੇ ਨਵੀਆਂ ਰਚਨਾਵਾਂ

Monday, July 13, 2009

ਹਰਦੇਵ ਗਰੇਵਾਲ - ਗ਼ਜ਼ਲ

ਸਾਹਿਤਕ ਨਾਮ: ਹਰਦੇਵ ਗਰੇਵਾਲ

ਅਜੋਕਾ ਨਿਵਾਸ: ਲੁਧਿਆਣਾ, ਪੰਜਾਬ

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਰੁਦਰ-ਵੀਣਾ ਪ੍ਰਕਾਸ਼ਿਤ ਹੋ ਚੁੱਕਾ ਹੈ।

ਸੰਗੀਤਕ ਰੁਚੀਆਂ: ਹਰਦੇਵ ਜੀ ਦੀ ਆਵਾਜ਼ 'ਚ ਪੰਜਾਬੀ ਗੀਤਾਂ ਦੀ ਐਲਬਮ ਵੇ ਗੱਲ ਮੇਰੇ ਵੱਸ ਦੀ ਨਹੀਂ ਵੀ ਰਿਲੀਜ਼ ਹੋ ਚੁੱਕੀ ਹੈ।

ਦੋਸਤੋ!ਅੱਜ ਹਰਦੇਵ ਗਰੇਵਾਲ ਜੀ ਨੇ ਆਰਸੀ 'ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਅੱਜ ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

**********

ਗ਼ਜ਼ਲ

ਨਾ ਹਵਾ, ਪਾਣੀ, ਅਗਨ, ਨਾ ਧਰਤ, ਨਾ ਆਕਾਸ਼ 'ਚੋਂ

ਲੱਭਿਆ ਜਿੰਨ੍ਹਾਂ ਵੀ ਉਹਨਾਂ ਲੱਭਿਆ ਵਿਸ਼ਵਾਸ 'ਚੋਂ

-----

ਵਰਜ-ਫਲ਼ ਕੀ ਚੱਖਿਆ, ਨਾ ਨਿਕਲਿਆ ਹਡ-ਮਾਸ 'ਚੋਂ

ਛੁੱਟਿਆ ਆਦਮ ਅਜੇ ਤਕ ਵੀ ਨਾ ਕਾਰਾਵਾਸ 'ਚੋਂ

----

ਦਿੱਤੀਆਂ ਹੱਥੀਂ ਜੋ ਦੰਦੀਂ ਖੋਲ੍ਹਣੀਆਂ ਪੈਂਦੀਆਂ,

ਔਖਿਆਂ ਨਿੱਕਲ਼ੇ ਤਦੇ ਹੀ ਮੈਲ਼ ਵੀ ਨਹੁੰ-ਮਾਸ 'ਚੋਂ

----

ਨ੍ਹੇਰ ਦੀ ਇਹ ਰਬੜ ਚਾਹੇ ਜਿੰਨਾ ਮਰਜ਼ੀ ਘਿਸ ਲਵੀਂ

ਚਾਨਣੇ ਅੱਖਰ ਨੀਂ ਮਿਟਣੇ ਫੇਰ ਵੀ ਇਤਿਹਾਸ 'ਚੋਂ

----

ਫੇਰਦੀ ਜਦ ਪਿੱਠ ਧਰਤੀ, ਰਾਤ ਪੈਂਦੀ ਓਸਲੇ,

ਡੁੱਬਦਾ ਸੂਰਜ ਨਹੀਂ ਐਪਰ ਕਦੀ ਆਕਾਸ਼ 'ਚੋਂ

----

ਖੋਦਿਆ ਪਰਬਤ ਜਦੋਂ ਵੀ ਨਿੱਕਲੇ ਚੂਹੇ ਸਦਾ,

ਖ਼ਾਸ ਕੁਛ ਨਾ ਲੱਭਿਆ ਮੈਨੂੰ ਕਦੀ 'ਕੁਛ ਖ਼ਾਸ' 'ਚੋਂ

----

ਜ਼ਖ਼ਮ ਤਾਂ ਭਰਦੇ ਕਦੇ ਹਰਦੇਵ ਵੇਦਾਂ ਨਾਲ਼ ਨਾ,

ਜ਼ਖ਼ਮ ਲਈ ਮਰਹਮ ਤਲਾਸ਼ੀ, ਨਾ ਮਿਲ਼ੀ ਧਰਵਾਸ 'ਚੋਂ

=========

ਗ਼ਜ਼ਲ

ਸ਼ਖ਼ਸ ਸੀ ਤਾਰੀਫ਼ੇ-ਕਾਬਿਲ ਦੋਸਤੋ!

ਨਿਉਂ ਗਿਆ ਇਹ ਕਹਿਕੇ ਕ਼ਾਤਿਲ ਦੋਸਤੋ!

----

ਮੈਂ ਵਗਾਈ ਚੀਰ ਕੇ ਪਰਬਤ ਨਦੀ,

ਹੋਇਆ ਨਾ ਪਰ ਕੁਛ ਵੀ ਹਾਸਿਲ ਦੋਸਤੋ!

----

ਮੈਂ ਕਿਹਾ ਇਨਸਾਂ ਕੁਈ ਲਭ ਕੇ ਲਿਆ,

ਕਹਿ ਗਿਆ ਜਿੰਨ, ਇਹ ਹੈ ਮੁਸ਼ਕਿਲ ਦੋਸਤੋ!

----

ਫੇਰ ਸੂਲ਼ੀ ਚੜ੍ਹ ਗਿਆ ਈਸਾ ਕੁਈ,

ਹੋ ਗਈ ਖ਼ਾਮੋਸ਼ ਬਾਇਬਲ ਦੋਸਤੋ!

----

ਜੁਰਮ ਬਣ ਕੇ ਰਹਿ ਗਈ ਹੈ ਜ਼ਿੰਦਗੀ,

ਹੋ ਗਿਆ ਕੀ ਕਹਿਰ ਨਾਜ਼ਿਲ ਦੋਸਤੋ!

----

'ਦੇਵ' ਲਈ ਜੋ ਅਹਿਮ ਸੀ ਇਸ ਭੀੜ ਵਿਚ,

ਹੋ ਗਿਆ ਅਜ ਉਹ ਵੀ ਸ਼ਾਮਿਲ ਦੋਸਤੋ!


1 ਟਿੱਪਣੀਆਂ:

csmann said...

khoobsoorat ghazlaan hardev saahib diyaan;doosri ghazal vich shaayad typo hai
taareef-e-qaabil di jagaah taareef-qaabil hona chaahida hai