ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, July 14, 2009

ਕੁਲਦੀਪ ਸਿੰਘ ਬਾਸੀ - ਨਜ਼ਮ

ਅਸਲੀ ਮੰਗਤੇ

ਨਜ਼ਮ

ਝਿਜਕ ਨਹੀਂ

ਲੱਜਾ ਨਹੀਂ

ਸੜਕਾਂ ਤੇ ਫਿਰਦੇ

ਤੰਦਰੁਸਤ ਤਨ ਵਾਲ਼ੇ

ਭਿਖਾਰੀਆਂ ਨੂੰ!

...........

ਹੱਟੇ-ਕੱਟੇ

ਹੱਥ ਅੱਡ

ਅੱਗੇ ਖਲੋਅ

ਮੰਗਦੇ ਨੇ ਲੋਕਾਂ ਕੋਲ਼ੋਂ

ਲੋਕਾਂ ਵਿਚਾਰਿਆਂ ਦੀ

ਹੱਕ ਦੀ

ਮਿਹਨਤ ਦੀ

ਸੱਚੀ ਸੁੱਚੀ ਕਮਾਈ

.............

ਰੱਬ ਤੋਂ ਡਰ

ਸ਼ਰਧਾ ਨਾਲ਼

ਮਿਹਨਤੀ ਲੋਕ

ਹੱਸ ਹੱਸ

ਚਾਈਂ ਚਾਈਂ

ਪਿਆਰ ਨਾਲ਼

ਵੰਡ ਦਿੰਦੇ ਨੇ

ਲੰਮੀ ਬਾਂਹ ਕਰ

ਅੱਟਣ-ਭਰੇ ਹੱਥਾਂ ਨਾਲ਼

ਅਪਣੇ ਤ੍ਰੇਲ ਤੁਪਕੇ

ਅਪਣੀ ਖੱਟੀ

ਸਮਝਦੇ ਨੇ

ਮਾਇਆ ਦਾ ਮੋਹ ਕੇਹਾ!

............

ਭਿਖਾਰੀ

ਦੇਸ਼ ਦੀ ਬਿਮਾਰੀ!

ਨਹੀਂ ਨਹੀਂ, ਨਾ ਕਹੋ

ਇੰਝ ਨਾ ਕਹੋ

ਉਹ ਤਾਂ ਨੇ

ਕਿਸਮਤ ਮਾਰੇ

ਗਰੀਬੀ ਦੇ ਕੁੱਟੇ

ਬੇਘਰੇ!

................

ਸੜਕਾਂ ਵਾਲ਼ੇ ਮੰਗਤੇ

ਮੰਗਦੇ ਨੇ ਹੱਥ ਅੱਡ

ਪਰ ਨਿਵ ਕੇ

ਲੋਕੀਂ ਕਹਿੰਦੇ ਨੇ

ਮਰਿਆ ਸੋ ਮੰਗਣ ਤੁਰਿਆ

ਤਰਸਯੋਗ ਹਨ ਵਿਚਾਰੇ

ਗੁਰੂ ਵੀ ਕਹਿੰਦੇ ਨੇ

ਨੀਚਾ ਹੋਇਆ

ਸੋ ਹੋਇਆ ਊਚਾ

ਭਲੇ ਹੀ ਹੋਣਗੇ

......................

ਪਰ ਅਸਲੀ ਭਿਖਾਰੀ

ਹਨ, ਕਿਤੇ ਹੋਰ

ਸੜਕਾਂ ਤੇ ਨਹੀਂ!

ਪਰਦਿਆਂ ਪਿੱਛੇ

ਜੋ ਦਿਨ ਦਿਹਾੜੇ

ਲੁੱਟਦੇ, ਖੋਂਹਦੇ ਨੇ

ਬੇਫ਼ਿਕਰ, ਬਝਿਜਕ

ਝੂਠ ਬੋਲਦੇ ਨੇ

ਸੱਚ ਵਾਂਗੂੰ!

...................

ਧਨ ਧੂਹ ਲੈਂਦੇ ਨੇ

ਭਰੋਸਾ ਦਵਾ

ਗਰੀਬਾਂ ਹੱਥੋਂ

ਸ਼ਰੀਫਾਂ ਕੋਲ਼ੋਂ

ਪਰ ਮੋੜਦੇ ਨਹੀਂ

ਸ਼ਰਾਫਤ ਦਾ ਮੁੱਲ!

..............

ਉਹ ਵਾਅਦੇ ਤੋੜ

ਕੰਮ ਅਧੂਰੇ ਛੱਡ

ਹੋ ਜਾਂਦੇ ਨੇ

ਫਰਾਰ

ਘਰਾਂ ਦੀ ਮੁਰੰਮਤ

ਸੜਕਾਂ ਦੇ ਕੰਮ

ਜਨਤਾ ਨਾਲ਼ ਕੀਤੇ ਪ੍ਰਣ

ਹੋਰ ਕਿੰਨਾ ਕੁੱਝ

ਵਿੱਚੇ ਛੱਡ ਭੱਜਣ ਵਾਲ਼ੇ

ਪੈਸਾ ਹਸਕੇ ਫੜ

ਅਲ਼ੋਪ ਹੋਣ ਵਾਲ਼ੇ

ਕੰਮ ਰੋ ਕੇ ਕਰਨ ਵਾਲ਼ੇ

ਜਾਂ

ਨਾ ਕਰਨ ਵਾਲ਼ੇ

................

ਥਾਲ਼ੀ ਚ ਖਾ ਕੇ

ਛੇਦ ਕਰਨ ਵਾਲ਼ੇ

ਊਚੇ ਜਿਨ੍ਹਾਂ ਦੇ ਨਾਂ

ਪਰ ਦਰਸ਼ਨ ਛੋਟੇ

ਓਹੀ ਨੇ ਅਸਲੀ

ਊਚੇ ਪਰ ਨੀਚੇ

ਧੋਖੇਬਾਜ਼!

ਮੰਗਤੇ!


No comments: