ਅਜੋਕਾ ਨਿਵਾਸ: ਮੌਂਟਰੀਆਲ, ਕੈਨੇਡਾ
ਕਿਤਾਬ: ਹਾਲੇ ਨਹੀਂ ਛਪੀ।
ਦੋਸਤੋ!ਅੱਜ ਅਨਾਮ ਜੀ ਨੇ ਆਰਸੀ ‘ਚ ਪਹਿਲੀ ਵਾਰ ਆਪਣੀਆਂ ਨਜ਼ਮਾਂ ਭੇਜ ਕੇ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਅਨਾਮ ਜੀ ਦੇ ਬਲੌਗ ਦਾ ਲਿੰਕ ਵੀ ਆਰਸੀ ਸਾਹਿਤਕ ਲਿੰਕਾਂ ਦੇ ਤਹਿਤ ਸ਼ਾਮਲ ਕੀਤਾ ਹੋਇਆ ਹੈ, ਓਥੇ ਵੀ ਫੇਰੀ ਜ਼ਰੂਰ ਪਾਇਆ ਕਰੋ। ਬਹੁਤ-ਬਹੁਤ ਸ਼ੁਕਰੀਆ।
**************
ਮੈਂ
ਨਜ਼ਮ
ਮੇਰਾ ਆਪਣਾ ਵਜੂਦ
ਭਾਰਾ ਭਾਰਾ ਲੱਗੇ ਮੈਨੂੰ
ਪਰ ਇਹ ਭਾਰ ਕਾਹਦਾ...
....................
ਕਾਮ ਦੇ ਚੋਲ਼ੇ ਦਾ?
ਕਰੋਧ ਦੇ ਤਾਜ ਦਾ ?
ਲੋਭ ਦੇ ਗਹਿਣਿਆਂ ਦਾ?
ਜਾਂ......
ਮੋਹ ਦੀਆਂ ਪੰਡਾਂ ਦਾ ?
ਹਰ ਪਲ਼ ਸੋਚਾਂ.....
ਹੌਲ਼ਾ ਕਿਵੇਂ ਥੀਵਾਂ
ਗਹਿਣੇ ਲਾਹੇ
ਚੋਲ਼ਾ ਉਤਾਰਿਆ
ਤਾਜ ਤੇ ਪੰਡਾਂ....
ਵਗਾਹ ਮਾਰੀਆਂ
ਪਰ……..
......................
ਪੱਟਿਆ ਪਹਾੜ
ਤੇ ਵਿੱਚੋਂ ਨਿਕਲੀ...
" ਮੈਂ "
ਪਰ ਮੈਂ
" ਮੈਂ " ਤੱਕ
ਪਹੁੰਚਾਂ ਕਿਵੇਂ ?
ਆਲ਼ੇ ਦੁਆਲੇ "ਮੈਂ" ਦੇ
ਈਰਖਾ,ਦਵੈਤ
ਨਫ਼ਰਤ
ਵਾਦ-ਵਿਵਾਦ
ਮਜ਼ਹਬੀ ਤਅੱਸੁਬ
ਧੋਖੇ ਫ਼ਰੇਬ ਦੀ ਵਾੜ
ਪੱਟ ਪੱਟ ਸੁੱਟਾਂ
ਪੱਟ ਨਾ ਹੋਵੇ
ਤੇ " ਮੈਂ "
ਖਿੜ ਖਿੜ ਹੱਸੇ ਅੰਦਰੋਂ
...................
" ਤੂੰ ਸੁੱਟੇਂਗਾ ‘’ਮੈਂਨੂੰ’’ ?
.................
"ਹਾਂ ਵਜੂਦ ਚਾਹੇ ਹਲਕਾ ਹੋਣਾ
ਸੁੱਟਣਾ ਹੀ ਪਏਗਾ ਤੈਨੂੰ"
..............
"ਸੋਚ ਲੈ ਸਮਝ ਲੈ" ਮੈਂ ਬੋਲੀ
“ ਸੁੱਟੇਂਗਾ ਮੈਂਨੂੰ ਤਾਂ.....
ਵਜੂਦ...
ਇੱਜ਼ਤ ਮਾਣ...
ਮਾਨ ਗੁਮਾਨ
ਘੁਮੰਡ
ਦਿਖਾਵਾ
ਕੱਖ ਨਹੀਂ ਬਚੇਗਾ ਤੇਰਾ
…………
ਏਨਾ ਸੁਣ ਕੇ ਮੈਂ ਘਬਰਾਇਆ
ਤਨ ਤੇ ਕਾਮ ਦਾ ਚੋਲ਼ਾ ਪਾਇਆ
ਸਿਰ ਤੇ ਕਰੋਧ ਦਾ ਤਾਜ ਟਿਕਾਇਆ
ਗਹਿਣੇ ਪਹਿਨ ਲੋਭ ਦੇ ਝਟਪਟ
ਮੋਹ ਦੀ ਪੰਡ ਨੂੰ ਸੀਸ ਟਿਕਾਇਆ
………………
ਤੇ ਹੁਣ ਏਨੇ ਭਾਰ ਦੇ
ਬਾਵਜੂਦ
"ਮੈਂਨੂੰ"
ਮੇਰਾ ਵਜੂਦ.....
ਹਲਕਾ ਹਲਕਾ ਲੱਗਦਾ ਹੈ!
===========
ਸੁਪਨਾ
ਨਜ਼ਮ
ਸੁਪਨਿਆਂ ਦਾ ਹੜ੍ਹ ਮੇਰੇ ਮਨ ਦੀ
ਰੌਣਕ ਖਾਲੀ ਕਰ ਜਾਂਦਾ ਹੈ।
ਸਾਹ ਆਵੇ ਤਾਂ ਜਨਮੇ ਸੁਪਨਾ
ਸਾਹ ਜਾਂਦੇ ਹੀ ਮਰ ਜਾਂਦਾ ਹੈ।
----
ਚਾਅ ਅਧੂਰੇ ਸੱਧਰ ਅਧੂਰੀ
ਦਿਲ ਦੇ ਵਿੱਚ ਦਬਾ ਕੇ ਤੁਰ ਗਈ,
ਪੂਰੀ ਹੋਈ ਮਾਂ ਦਾ ਸੁਪਨਾ
ਮੈਨੂੰ ਬੇਵੱਸ ਕਰ ਜਾਂਦਾ ਹੈ।
----
ਬਾਬਲ ਵਿਹੜੇ ਚਾਅ ਕੁਆਰੇ
ਸਾਂਭੀ ਬੈਠੀ ਧੀ ਦਾ ਸੁਪਨਾ,
ਬਾਬਲ ਮਨ ਦਾ ਹਰ ਇੱਕ ਕੋਨਾ
ਦਰਦਾਂ ਦੇ ਸੰਗ ਭਰ ਜਾਂਦਾ ਹੈ।
----
ਪੁੱਤ ਪਰਦੇਸੀਂ ਹੱਥੀਂ ਤੋਰੇ
ਆਪਣੀ ਕੁੱਖ ਨੂੰ ਸੁੰਨਿਆਂ ਕੀਤਾ,
ਖ਼ੌਰੇ ਫਿਰ ਕਦ ਮੇਲਾ ਹੋਣਾ
ਮਾਂ ਦਾ ਜਿਗਰਾ ਡਰ ਜਾਂਦਾ ਹੈ।
----
ਔਸੀਆਂ ਪਾਵੇ ਚੂੜੇ ਵਾਲ਼ੀ
ਹੌਕੇ ਭਰਦੀ ਰੋਜ਼ ਉਡੀਕੇ ,
ਜਿਸ ਦਾ ਕੰਤ ਲਾਮ ਨੂੰ ਜਾਂਦਾ
ਯਾਦ ਸਿਰ੍ਹਾਣੇ ਧਰ ਜਾਂਦਾ ਹੈ।
----
ਕੁਦਰਤ ਦਾ ਸਭ ਖੇਲ ‘ਅਨਾਮ’
ਇਹ ਮੌਤ ਹੀ ਸਾਨੂੰ ਖਿੱਚ ਲਿਆਈ,
ਨਹੀਂ ਤਾਂ ਏਥੇ ਬਿਨ ਮਤਲਬ ਦੱਸ
ਕਿਹੜਾ ਕਿਸ ਦੇ ਘਰ ਜਾਂਦਾ ਹੈ?
1 comment:
Welcome Annam Ji
Both the poems are beautiful.
Tandeep: Thanks for making the media files available.
Post a Comment