
ਨਜ਼ਮ
ਨਾਂਹ ਜੀ, ਅਸਾਂ ਅਮਰ ਨਹੀਂ ਹੋਣਾ
ਇਸ ਲਈ ਕਿ ਫਿਰ ਮਰ ਨਹੀਂ ਹੋਣਾ ।
ਉਸਦੀ ਗਲੀ ਵਿਚ ਜਾਣ ਲਈ ਫਿਰ
ਸੀਸ ਤਲੀ ‘ਤੇ ਧਰ ਨਹੀਂ ਹੋਣਾ ।
----
ਜਿਸ ਵਿਚ ਉਸਦੀ ਮੂਰਤ ਨਹੀਂ ਉਹ
ਮੇਰੇ ਲਈ ਮੰਦਰ ਨਹੀਂ ਹੋਣਾ ।
ਸੋਚ ਸਮਝ ਕੇ ਛੂਹਣਾ ਮੈਨੂੰ
ਮੈਥੋਂ ਹੋਰ ਬਿਖਰ ਨਹੀਂ ਹੋਣਾ ।
----
ਸਜ ਧਜ ਕੇ ਜੇ ਮਿਲ ਗਏ ਕਿਧਰੇ
ਮੈਥੋਂ ਫੇਰ ਸਬਰ ਨਹੀਂ ਹੋਣਾ ।
ਬੱਸ ਥੋੜੀ ਜਿਹੀ ਤਪਸ਼ ਦੇ ਦਿੳ
ਰਹਿੰਦਾ ਜੀਵਨ ਠਰ ਨਹੀਂ ਹੋਣਾ ।
----
ਜਿਸ ਰਾਹ ਉੱਤੇ ਉਹ ਨਹੀਂ ਤੁਰਦੇ
ੳਧਰ ਮੇਰਾ ਘਰ ਨਹੀਂ ਹੋਣਾ ।
ਕਿਸੇ ਦਾਰੂ ਦਾ ਰੋਗ ਮੇਰੇ ‘ਤੇ
ਲਗਦੈ ਕੋਈ ਅਸਰ ਨਹੀਂ ਹੋਣਾ ।
----
ਇਹੀ ਤੌਖ਼ਲਾ ਕਿ ਮੇਰੇ ਲਈ
ਉਸ ਦਾ ਖੁੱਲ੍ਹਾ ਦਰ ਨਹੀਂ ਹੋਣਾ ।
ਉਸ ‘ਤੇ ਕੋਈ ਊਜ ਨਾਂ ਲੱਗੇ
ਮੈਥੋਂ ਹੌਕਾ ਭਰ ਨਹੀਂ ਹੋਣਾ ।
No comments:
Post a Comment