
ਜਨਮ: ਪਿੰਡ ਸਿਆੜ, ਲੁਧਿਆਣਾ
ਮੌਜੂਦਾ ਨਿਵਾਸ: ਸੁਕਾਮਿਸ਼, ਕੈਨੇਡਾ
ਪ੍ਰਕਾਸ਼ਿਤ ਪੁਸਤਕਾਂ : ਅੰਗਰੇਜ਼ੀ ‘ਚ ਦੋ ਕਿਤਾਬਾਂ: Diving into Heart, Life and Dreams of Kalpana Chawla, ਅਤੇ ਪੰਜਾਬੀ ‘ਚ ਗੀਤ-ਸੰਗ੍ਰਹਿ: 'ਮਿੱਟੀ ਦੇ ਘਰ' ਛਪ ਚੁੱਕੀਆਂ ਹਨ।
----
ਇਨਾਮ-ਸਨਮਾਨ: ਗੁਰਦੀਪ ਜੀ ਨੂੰ ਉਹਨਾਂ ਦੀ ਕਲਪਨਾ ਚਾਵਲਾ ਬਾਰੇ ਲਿਖੀ ਕਿਤਾਬ ਲਈ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਆ ਜਾ ਚੁੱਕਾ ਹੈ।
----
ਦੋਸਤੋ!ਅੱਜ ਗੁਰਦੀਪ ਪੰਧੇਰ ਜੀ ਨੇ ਆਰਸੀ 'ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਉਹਨਾਂ ਵੱਲੋਂ ਭੇਜੇ ਦੋ ਖ਼ੂਬਸੂਰਤ ਗੀਤਾਂ ਨੂੰ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
********
ਗੀਤ
ਕਦੋਂ ਤੱਕ ਰਹਿੰਦੀਆਂ, ਗੁਲਾਬੀ ਰੰਗ ਰੰਗੀਆਂ।
ਚੁੰਨੀਆਂ ਤੇ ਫਿੱਟ ਗਈਆਂ, ਧੁੱਪ ਵਿੱਚ ਟੰਗੀਆਂ।
----
ਕਾਗ਼ਜ਼ਾਂ ਦੇ ਢੇਰਾਂ ਦੀ, ਕਿਥੋਂ ਕਰਾਂ ਪੁਸ਼ਟੀ?
ਹੰਝੂਆਂ ਦੇ ਨਾਲ ਨਾ, ਹੋਈ ਸੰਤੁਸ਼ਟੀ।
ਸਾਡੇ ਈ ਤੇ ਐਨੀਆਂ, ਰਹਿਮਤਾਂ ਹੀ ਚੰਗੀਆਂ,
ਚੁੰਨੀਆਂ ਤੇ ਫਿੱਟ ਗਈਆਂ.....
----
ਕਦੇ ਸਾਡੇ ਨਾਲ, ਪਲ ਵੀ ਹੰਢਾਇਆ ਨਹੀਂ।
ਖ਼ਤ ਦਾ ਕੋਈ ਟੁਕੜਾ, ਭੁੱਲ ਕੇ ਤੂੰ ਪਾਇਆ ਨਹੀਂ।
ਮੰਗਾਂ ਅਸਾਂ ਵੱਡੀਆਂ, ਕਦੇ ਵੀ ਨਾ ਮੰਗੀਆਂ,
ਚੁੰਨੀਆਂ ਤੇ ਫਿੱਟ ਗਈਆਂ....
----
ਲਹਿੰਦੀ ਜਾਵੇ ਹਵਾ ਨਾਲ, ਅੱਜ ਕਾਲੀ ਕੰਬਲੀ।
ਅਣਢਕੇ ਤਨ ਵਿਚੋਂ, ਭਾਅ ਉੱਡੇ ਸੰਦਲੀ।
ਸਾਡੀਆਂ ਤੇ ਖ਼ੁਸ਼ਬੋਆਂ, ਕਿਸੇ ਆਣ ਡੰਗੀਆਂ।
ਚੁੰਨੀਆਂ ਤੇ ਫਿੱਟ ਗਈਆਂ.....
----
ਕਦੋਂ ਤੱਕ ਰਹਿੰਦੀਆਂ, ਗੁਲਾਬੀ ਰੰਗ ਰੰਗੀਆਂ।
ਚੁੰਨੀਆਂ ਤੇ ਫਿੱਟ ਗਈਆਂ, ਧੁੱਪ ਵਿੱਚ ਟੰਗੀਆਂ
=======
ਗੀਤ
ਨਹਿਰ ਕੰਢੇ ਰੁੱਖੜਾ, ਖੜ੍ਹਾ-ਖੜ੍ਹਾ ਝੁਕ ਗਿਆ।
ਅੱਧ ਵਿਚਕਾਰ ਆ ਕੇ, ਹੌਕਾ ਇੱਕ ਰੁਕ ਗਿਆ।
----
ਚੰਨ ਦੇ ਚੁਬਾਰੇ ਵਿੱਚ, ਚਰਖਾ ਜੋ ਤੱਕਦਾ ਏਂ।
ਚਰਖੇ ਦੀ ਤੰਦ ਤੇ, ਖ਼ਿਆਲ ਕਾਹਨੂੰ ਕੱਤਦਾ ਏਂ।
ਤੱਕਲ਼ਾ ਤੇ ਪਹਿਲਾ ਹੀ, ਬੱਦਲਾਂ ਚ ਲੁਕ ਗਿਆ,
ਅੱਧ ਵਿਚਕਾਰ ਆ ਕੇ.....
----
ਵਲਵਲੇ ਇਹ ਜਿਹੜੇ, ਟੁੰਬਦੇ ਦਿਮਾਗ਼ ਨੂੰ।
ਮਾਰ ਫੂਕਾਂ ਵੇਖਦੇ ਨੇ, ਜਗਦੇ ਚਿਰਾਗ਼ ਨੂੰ।
ਭਾਫ਼ ਵਿੱਚ ਧੂੰਆਂ ਜਿਹਾ, ਹੌਲੀ-ਹੌਲੀ ਛੁਪ ਗਿਆ,
ਅੱਧ ਵਿਚਕਾਰ ਆ ਕੇ....
----
ਰੇਤਲੀ ਜ਼ਮੀਨ ਤੇ, ਲਕੀਰਾਂ ਜੋ ਤੂੰ ਮਾਰਦਾ ਏਂ।
ਐਵੇਂ ਤਸਵੀਰਾਂ ਵਿੱਚ, ਸੁਫ਼ਨੇ ਉਕਾਰਦਾ ਏਂ।
ਮਨ ਦਾ ਗ਼ੁਬਾਰ ਕਿੱਦਾਂ, ਮਿੱਟੀ ਵਿੱਚ ਧੁਖ ਗਿਆ,
ਅੱਧ ਵਿਚਕਾਰ ਆ ਕੇ....
----
ਨਹਿਰ ਕੰਢੇ ਰੁੱਖੜਾ, ਖੜ੍ਹਾ-ਖੜ੍ਹਾ ਝੁਕ ਗਿਆ।
ਅੱਧ ਵਿਚਕਾਰ ਆ ਕੇ, ਹੌਕਾ ਇੱਕ ਰੁਕ ਗਿਆ।
No comments:
Post a Comment