ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, July 20, 2009

ਨਿਰਮਲ ਸਿੰਘ ਕੰਧਾਲਵੀ - ਨਜ਼ਮ

ਯਾਰੋ!

ਦਮ ਘੁਟੀਂਦਾ ਹੈ

ਇਨ੍ਹਾਂ ਗਲ਼ੀਆਂ

ਬੜੀਆਂ ਤੰਗ

ਬੜੀਆਂ ਹਨ੍ਹੇਰੀਆਂ

ਤਰਸਦੀਆਂ

ਚਾਨਣ ਦੀ ਲੀਕ ਨੂੰ

....................

ਨਸੀਬ ਨਹੀਂ ਹੁੰਦਾ ਕਦੇ

ਧੁਪੀਲਾ ਚਾਨਣ ਇਨ੍ਹਾਂ ਨੂੰ

ਮਹਿਕਾਂ ਲੱਦੀ ਪੌਣ

ਕਦੇ ਨਹੀਂ ਆਉਂਦੀ ਏਧਰ

..................

ਬੱਸ ਸੜ੍ਹਿਆਂਦ ਹੈ

ਗ਼ਰਦੋ-ਗ਼ੁਬਾਰ ਹੈ

ਜਿੱਧਰ ਦੇਖੋ

ਕੁਰਬਲ ਕੁਰਬਲ ਕਰਦੇ

ਕੀੜਿਆਂ ਦੀ ਭਰਮਾਰ ਹੈ

ਕੀੜੇ,

ਜੋ ਦਿਨ ਰਾਤ ਰੀਂਗਦੇ

ਦਿਲਾਂ

ਸਿਰਾਂ

.....................

ਤੇ ਮਨੁੱਖ

ਆਪਣੀ ਹੋਣੀ ਦੇ ਕੌਕੂਨ

ਚ ਬੰਦ ਹੋ ਕੇ

ਹੋ ਗਿਆ ਹੈ ਬੌਣਾ

ਤੇ ਬੌਣੀਆਂ ਸੋਚਾਂ ਦਾ

ਹੋ ਗਿਆ ਹੈ ਗ਼ੁਲਾਮ

.......................

ਤੇ ਇੰਜ ਡਰਦਾ ਹੈ

ਖੁੱਲ੍ਹੀ ਪਰਵਾਜ਼ ਤੋਂ

ਜਿਵੇਂ ਪਿੰਜਰੇ ਚ ਬੰਦ ਪੰਛੀ

ਡਰਦਾ ਹੈ ਪਰ ਫੜਫੜਾਉਣ ਤੋਂ

ਕਿਹੋ ਜਿਹਾ ਹੈ ਇਹ ਮੌਸਮ?

ਤੇ ਕਿਹੋ ਜਿਹੀ ਬਹਾਰ ਹੈ ਇਹ?

................

ਜਿਸ ਵਿਚ ਕਲੀਆਂ ਨਹੀਂ

ਸੂਲ਼ਾਂ ਉੱਗਦੀਆਂ ਹਨ

ਮੁਹੱਬਤਾਂ ਨਹੀਂ

ਨਫ਼ਰਤਾਂ ਸੂੰਦੀਆਂ ਹਨ

..................

ਦਿਲ ਦਿਮਾਗ਼ ਤੋਂ ਸੱਖਣੇ ਲੋਕ

ਨਿਕਲ ਆਏ ਹਨ

ਸ਼ਹਿਰ ਦੀਆਂ ਸੜਕਾਂ ਤੇ

ਤੇ ਉਨ੍ਹਾਂ...

ਚੌਰਾਹੇ ਚ ਖੜ੍ਹੇ ਮਨੁੱਖ ਨੂੰ

ਟੰਗ ਦਿੱਤਾ ਹੈ

ਸੂਲ਼ੀ ਉੱਪਰ


No comments: