

ਗ਼ਜ਼ਲ
ਇਸ ਵਾਰੀ ਤੂੰ ਮੈਨੂੰ ਕਿੰਨੀਆਂ ਚੰਗੀਆਂ ਘਲੀਆਂ ਸੀਨਰੀਆਂ।
ਪਰਬਤ, ਝੀਲਾਂ, ਬਿਰਖਾਂ ਦੀ ਥਾਂ ਧੂੰਆਂ ਧੂੰਆਂ ਸੀਨਰੀਆਂ।
----
ਕੱਲਰ ਲਗਿਆ, ਖੇਪੜ ਲੱਥੇ, ਚੋਈ ਛੱਤ ਦੇ ਧੱਬੇ ਨੇ,
ਕੱਚੇ ਘਰ ਦੀਆਂ ਕੰਧਾਂ ਉੱਤੇ ਬਣੀਆਂ ਕੇਹੀਆਂ ਸੀਨਰੀਆਂ।
----
ਇਸ ਘਰ ਅੰਦਰ ਸੜਦੇ ਬੂਟੇ ਤਰਸਣ ਤਿਪ ਕੁ ਪਾਣੀ ਨੂੰ,
ਇਸ ਵਿਚ ਭਾਵੇਂ ਨਦੀਆਂ ਤੇ ਬਦਲ਼ਾਂ ਦੀਆਂ ਲਗੀਆਂ ਸੀਨਰੀਆਂ।
----
ਸੌਂਦਾ ਹੈ ਫ਼ੁਟਪਾਥ ‘ਤੇ ਜਿਹੜਾ ਚਾਦਰ ਲੈ ਕੇ ਅੰਬਰ ਦੀ,
ਵੇਚ ਰਿਹਾ ਉਹ ਬੱਚਾ ਫੁੱਲਾਂ ਲੱਦੇ ਘਰ ਦੀਆਂ ਸੀਨਰੀਆਂ।
----
ਡੁਬਦਾ ਸੂਰਜ, ਪੀਂਘ ਰੰਗੀਲੀ, ਘੁੱਗੀ ਰੰਗੇ ਬੱਦਲ਼ ਨੇ,
ਨੀਲੇ ਅੰਬਰ ਉੱਤੇ ਸਜੀਆਂ ਰੰਗ-ਬਿਰੰਗੀਆਂ ਸੀਨਰੀਆਂ।
----
ਮੇਰੇ ਸਾਵ੍ਹੇਂ ਸੁੰਨ-ਮਸੁੰਨੀ ਇਕ ਦੀਵਾਰ ਉਦਾਸ ਖੜ੍ਹੀ,
ਤੇਜ਼ ਹਨੇਰੀ ਦੇ ਵਿਚ ਜਿਸ ਦੇ ਉੱਤੋਂ ਉੜੀਆਂ ਸੀਨਰੀਆਂ।
----
ਸ਼ਬਦਾਂ ਵਿਚ ਉਹ ਹਾਦਸਿਆਂ ਦਾ ਵਰਣਨ ਏਦਾਂ ਕਰਦਾ ਹੈ,
ਉਸ ਦੇ ਖ਼ਤ ਜੋ ਆਉਂਦੇ ਮੈਨੂੰ ਲਗਦੇ ਨਿਰੀਆਂ ਸੀਨਰੀਆਂ।
----
ਜਦ ਮੈਂ ਅਪਣੇ ਦਿਲ ਦੀ ਬੈਠਕ ਅੰਦਰ ਝਾਤੀ ਮਾਰਾਂ ਤਾਂ,
ਦਿਸਦੇ ਗ਼ਮ ਦੇ ਜਾਲ਼ੇ, ਤਿੜਕੇ ਸ਼ੀਸ਼ੇ, ਫਟੀਆਂ ਸੀਨਰੀਆਂ।
1 comment:
Taazgi hai Sohal huran di ghazal 'ch...bilkul nirale kafiya-radeef.
Post a Comment