
ਜਨਮ ਮਿਤੀ 1959, ਪਿੰਡ ਬਡੇਸਰੋਂ, ਜ਼ਿਲ੍ਹਾ - ਹੁਸ਼ਿਆਰਪੁਰ
ਅਜੋਕਾ ਨਿਵਾਸ: ਸਰੀ, ਕੈਨੇਡਾ
ਕਿਤਾਬਾਂ: ਕਾਵਿ-ਸੰਗ੍ਰਹਿ ਮਹਿਕ ਦੀ ਆਮਦ (1987) ਸੰਵੇਦਨਾ(2001) ਅਤੇ ਖ਼ੁਸ਼ਆਮਦੀਦ ਛਪ ਚੁੱਕੇ ਹਨ।
ਇਸ ਤੋਂ ਇਲਾਵਾ ਸੁਰਜੀਤ ਪਾਤਰ ਅਤੇ ਡਾ: ਜਗਤਾਰ ਸਾਹਿਬ ਵੱਲੋਂ ਸੰਪਾਦਿਤ ਕਿਤਾਬਾਂ ‘ਸਦੀ ਦੀਆਂ ਤ੍ਰਿਕਾਲ਼ਾਂ, ਅਤੇ ‘ਬਰਫ਼ ਹੇਠਾਂ ਦੱਬੇ ਹਰਫ਼’ ਵਿਚ ਵੀ ਦੀਵਾਨਾ ਸਾਹਿਬ ਦੀਆਂ ਲਿਖਤਾਂ ਸ਼ਾਮਲ ਹਨ। ਨਾਗਮਣੀ, ਆਰਸੀ, ਸਿਰਜਣਾ, ਲਕੀਰ, ਕਲਾ ਸਿਰਜਕ, ਪ੍ਰਤਿਮਾਨ ਜਿਹੇ ਸਿਰਕੱਢ ਸਾਹਿਤਕ ਰਸਾਲਿਆਂ ‘ਚ ਰਚਨਾਵਾਂ ਛਪਦੀਆਂ ਰਹੀਆਂ ਹਨ।
----
ਦੋਸਤੋ! ਸਰੀ, ਕੈਨੇਡਾ ਵਸਦੇ ਸ਼ਾਇਰ ਦੀਵਾਨਾ ਸਾਹਿਬ ਦੀ ਇੱਕ ਗ਼ਜ਼ਲ ਆਪਾਂ ਪਹਿਲਾਂ ਵੀ ਆਰਸੀ ‘ਚ ਸ਼ਾਮਲ ਕੀਤੀ ਸੀ, ਜੋ ਡੈਡੀ ਜੀ ਬਾਦਲ ਸਾਹਿਬ ਨੇ ਮੈਨੂੰ ਕਿਸੇ ਮੈਗਜ਼ੀਨ ‘ਚੋਂ ਲੱਭ ਕੇ ਦਿੱਤੀ ਸੀ। ਨਵੀਆਂ ਲਿਖਤਾਂ ਭੇਜਣ ਦਾ ਬੜੀ ਦੇਰ ਦਾ ਵਾਅਦਾ ਸੀ, ਸੋ ਅੱਜ ਜ਼ਿੰਦਗੀ ਦੇ ਰੁਝੇਵਿਆਂ ‘ਚੋਂ ਵਕ਼ਤ ਕੱਢ ਕੇ ਉਹਨਾਂ ਨੇ ਦੋ ਬੇਹੱਦ ਖ਼ੂਬਸੂਰਤ ਰਚਨਾਵਾਂ ਨਾਲ਼ ਆਰਸੀ ‘ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਖ਼ੁਸ਼ਆਦਦੀਦ ਆਖਦੀ ਹੋਈ ਇੱਕ ਨਜ਼ਮ ਅਤੇ ਇੱਕ ਗ਼ਜ਼ਲ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
***********
ਅਰਦਾਸ
ਨਜ਼ਮ
ਕੁੱਖ ‘ਚ
ਨਜ਼ਮ ਕ਼ਤਲ ਕਰਵਾ ਕੇ
ਉਹ ਸਿੱਧਾ ਗੁਰੂ ਘਰ ਪੁੱਜਾ
ਤੇ ਅਰਦਾਸ ਕੀਤੀ...
.....................
ਹੇ ਬਾਬਾ ਨਾਨਕ!
ਹੁਣ ਇਸ ਵਾਰ
ਭੁਝੰਗੀ ਦੀ ਹੀ ਦਾਤ ਬਖ਼ਸ਼ੀਂ
................
ਉਸ ਨਾਨਕ ਅੱਗੇ ਅਰਦਾਸ
ਜਿਸਨੇ ਕਦੇ ਨਜ਼ਮ ਦੇ
ਹੱਕ ਵਿਚ ਕਿਹਾ ਸੀ
..........
“ ਸੋ ਕਿਉਂ ਮੰਦਾ ਆਖੀਐ....!”
==========
ਗ਼ਜ਼ਲ
ਤਿਤਲੀ ਨੇ ਜਾਂ ਫੇਰਾ ਪਾਇਆ ਕਮਰੇ ਵਿਚ।
ਪਰਦੇ ਦਾ ਹਰ ਫੁੱਲ ਮੁਸਕਾਇਆ ਕਮਰੇ ਵਿਚ।
----
ਰੰਗਲੀ ਰੁੱਤ ਵੀ ਫਿੱਕੀ ਫਿੱਕੀ ਲੱਗਦੀ ਹੈ,
ਰਹਿੰਦੈ ਤੇਰਾ ਗ਼ਮ ਦਾ ਸਾਇਆ ਕਮਰੇ ਵਿਚ।
----
ਉਮਰਾਂ ਦੀ ਬਦਨਾਮੀ ਪੱਲੇ ਪਾ ਬੈਠਾ,
ਐਵੇਂ ਤੇਰਾ ਫੋਟੋ ਲਾਇਆ ਕਮਰੇ ਵਿਚ।
----
ਤੇਰੀ ਟੋਕਾ-ਟਾਕ ਚੇਤੇ ਆ ਜਾਵੇ,
ਜਾਮ ਜਦੋਂ ਵੀ ਹੈ ਛਣਕਾਇਆ ਕਮਰੇ ਵਿਚ।
----
ਨ੍ਹੇਰੇ ਤੋਂ ਭੀ ਭੈਅ ਨਾ ਖਾਵੇ ‘ਦੀਵਾਨਾ’,
ਯਾਦ ਤੇਰੀ ਦਾ ਜੁਗਨੂੰ ਆਇਆ ਕਮਰੇ ਵਿਚ।
No comments:
Post a Comment