
ਕਰਦਾ ਰਿਹਾ ਮਹਿਬੂਬ, ਵਲ ਛਲ ਹਰ ਸਮੇਂ ਕਰਦਾ ਰਿਹਾ।
ਜਰਦਾ ਰਿਹਾ ਦਿਲ ਸਭ, ਸਮਝ ਉਸਦੀ ਰਜ਼ਾ ਜਰਦਾ ਰਿਹਾ।
----
ਮਰਦਾ, ਤਾਂ ਮੈਂ ਮਰਦ, ਉਦੇ ਈਮਾਨ ਤੇ ਇਖ਼ਲਾਕ ਤੇ,
ਦੀਵਾਨਗੀ ਸੀ ਜੋ ਉਦੇ, ਮੈਂ ਰੂਪ ਤੇ ਮਰਦਾ ਰਿਹਾ।
----
ਡਰਦਾ ਨਹੀਂ ਸੀ ਜੋ ਕਿਸੇ ਤੋਂ, ਜ਼ੁਲਮ ਕਰਦਾ ਰਾਤ ਦਿਨ,
ਸ਼ੀਸ਼ੇ ਚ ਖ਼ੁਦ ਨੂੰ ਦੇਖ, ਅਪਣੇ ਆਪ ਤੋਂ ਡਰਦਾ ਰਿਹਾ।
----
ਹਰਦਾ ਜਦੋਂ ਇਨਸਾਨ, ਦਿੰਦੀ ਹਾਰ ਵੀ ਹਿੰਮਤ ਬੜੀ ,
ਟੁੱਟਾ ਜਦੋਂ ਵਿਸ਼ਵਾਸ, ਬੰਦਾ ਜਿੱਤ ਕੇ ਹਰਦਾ ਰਿਹਾ।
----
ਕਰ ਤੂੰ ਭਲਾ ਮਜ਼ਲੂਮ ਦਾ, ਦੇਵੇ ਦੁਆ ਜੋ ਤਹਿ ਦਿਲੋਂ ,
ਮਿੱਟੀ ਬਣੂ ਅਹਿਸਾਨ, ਜੇ ਖ਼ੁਦਗਰਜ਼ ਤੇ ਕਰਦਾ ਰਿਹਾ।
----
ਠਰਦਾ ਨਹੀਂ ਸੀਨਾ ਮੇਰਾ, ਬਿਰਹਾ ਜਲਾਵੇ ਹਰ ਸਮੇਂ,
ਮਿਲਦੀ ਰਹੀ ਉਸ ਦੀ ਖ਼ਬਰ , ਹਿਰਦਾ ਮੇਰਾ ਠਰਦਾ ਰਿਹਾ।
----
ਭਰਿਆ ਨਹੀਂ ਦਿਲ ਦਾ ਕਦੇ ਵੀ ਜ਼ਖਮ , ਪਰ ਰਿਸਿਆ ਉਦੋਂ ,
ਕਰ ਕੇ ਕਿਸੇ ਨੂੰ ਯਾਦ, ਮੈਂ ਹੌਕਾ ਜਦੋਂ ਭਰਦਾ ਰਿਹਾ।
----
ਤਰਨਾ ਬੜਾ ਔਖਾ, ਜਦੋਂ ਬੇੜੀ ਫਸੇ ਮੰਝਧਾਰ ਵਿੱਚ ,
ਜੋ ਹੌਸਲਾ ਕਰਦਾ ਰਿਹਾ, ਦਰਿਆ ਉਹੀ ਤਰਦਾ ਰਿਹਾ।
----
ਡਰ ਸੀ ਉਦਾ ਜਾਂ ਵਹਿਮ ਸੀ, ਲੱਗਿਆ ਪਤਾ ਨਹੀਂ ਯਾਰ ਦਾ ,
ਇਜ਼ਹਾਰ ਵੀ ਕਰਦਾ ਰਿਹਾ, ਇਕਰਾਰ ਤੋਂ ਡਰਦਾ ਰਿਹਾ।
----
ਸਰਦਾ ਇਵੇਂ ਹੈ ' ਮਹਿਰਮਾ', ਸਭ ਦਾ ਕਿਸੇ ਦਿਲਦਾਰ ਬਿਨ ,
ਮੇਰਾ ਜਿਵੇਂ ਸਰਦਾ ਰਿਹਾ , ਤੇਰਾ ਜਿਵੇਂ ਸਰਦਾ ਰਿਹਾ।
2 comments:
Jaswinder ji bahut khoob kiha :
ਡਰਦਾ ਨਹੀਂ ਸੀ ਜੋ ਕਿਸੇ ਤੋਂ, ਜ਼ੁਲਮ ਕਰਦਾ ਰਾਤ ਦਿਨ,
ਸ਼ੀਸ਼ੇ ਚ ਖ਼ੁਦ ਨੂੰ ਦੇਖ, ਅਪਣੇ ਆਪ ਤੋਂ ਡਰਦਾ ਰਿਹਾ।
----
ਹਰਦਾ ਜਦੋਂ ਇਨਸਾਨ, ਦਿੰਦੀ ਹਾਰ ਵੀ ਹਿੰਮਤ ਬੜੀ ,
ਟੁੱਟਾ ਜਦੋਂ ਵਿਸ਼ਵਾਸ, ਬੰਦਾ ਜਿੱਤ ਕੇ ਹਰਦਾ ਰਿਹਾ।
joonde vaste raho ......bohat vadiya
Post a Comment