
ਨਜ਼ਮ
ਫੁੱਲ ਤੋਂ ਫੁੱਲ
ਰੰਗ ਤੋਂ ਰੰਗ
ਰੂਪ ਤੋਂ ਰੂਪ
ਤੱਕ ਭਟਕਦੀ ਨਜ਼ਰ
ਰੰਗਾ-ਰੰਗ ਮਹਿਕ ਨੂੰ
ਦੁਮੇਲ਼ ਤੱਕ ਲੈ ਗਈ!
................
ਜਵਾਨੀ ਦੇ ਮੌਸਮ ਵਿਚ
ਸੂਰਜ ਵੀ ਆਪਣੇ ਅੰਦਰੋਂ ਹੀ
ਚੜ੍ਹਦਾ ਹੈ,
ਧਰਤੀ ਵੀ ਆਪਣੇ ਅੰਦਰ
ਹੀ ਹੁੰਦੀ ਹੈ,
ਬਾਗ਼ ਫੁਲਕਾਰੀ ਬਣੀ!
..............
ਬਾਹਰ ਮੌਸਮ ਰਾਸ ਨਾ ਹੋਵੇ
ਤਾਂ ਅੰਦਰ ਰੰਗ ਮਾਣੀਂਦੇ ਹਨ।
ਹੁਣ ਜਦ,
ਅੰਦਰ ਵੀ,
ਸੱਖਣਾ ਹੋ ਗਿਆ ਹੈ
ਤੇ ਨਜ਼ਰ-
ਝੁਰੜਾਏ ਚਿਹਰੇ ਵਿਚ
ਬਿੰਦ ਬਿੰਦ ਬੁਝ ਰਹੀਆਂ ਅੱਖਾਂ ‘ਚੋਂ-
ਮਸਾਂ ਗੋਡਿਆਂ ਤੱਕ ਪਹੁੰਚਦੀ ਹੈ,
ਤਾਂ ਬਾਹਰ ਦੇ ਮੌਸਮ
ਹੱਸਦੇ ਤੇ ਪੁੱਛਦੇ ਹਨ:
“ਮੌਸਮਾਂ ਨਾਲ਼ ਦੌੜ ਲਾਈ ਸੀ ਤੂੰ,
ਬਹੁਤ ਪਿੱਛੇ ਰਹਿ ਗਿਆ ਹੈਂ,
ਕਿਉਂ?”
........................
ਮੈਂ ਆਖਦਾ ਹਾਂ:
“ਦੁਮੇਲ਼ ਤੰਗ ਹੋ ਕੇ,
ਮੇਰੀ ਬੁੱਕਲ਼ ਬਣ ਗਏ ਹਨ।”
.......................
ਰੰਗ ਤੇ ਸੁਗੰਧ ਵਿਚ ਹੀ
ਝੜ ਰਿਹਾ ਹਾਂ ਮੈਂ!
ਤੁਸੀਂ ਅੱਗੇ ਵਧੋ,
ਤੁਹਾਡੇ ਹਾਣੀ,
ਤੁਹਾਡੀ ਉਡੀਕ ਕਰ ਰਹੇ ਹਨ!!!
No comments:
Post a Comment