
ਚਾਰ ਦਿਨ ਮੈਨੂੰ ਵੀ ਦੇ ਦੇ ਜ਼ਿੰਦਗੀ ਦੇ ਹਾਣ ਦੇ।
ਫੇਰ ਚਾਹੇ ਮੌਤ ਦੇ ਮੈਨੂੰ ਸੁਨੇਹੇ ਆਣ ਦੇ।
----
ਉਹ ਖ਼ਿਆਲਾਂ ਵਿਚ ਵੀ ਆਉਂਦਾ ਬੁਲਬੁਲੇ ਦੇ ਵਾਂਗ ਹੀ,
ਜਦ ਕਦੇ ਆਉਂਦਾ ਤਾਂ ਆਉਂਦਾ ਆਖਦਾ ਹੈ ਜਾਣ ਦੇ।
----
ਫਿਰ ਕਿਸੇ ਮੰਜ਼ਿਲ ਤੇ ਮੈਨੂੰ ਨਾ ਰਹੇ ਕੋਈ ਗਿਲਾ,
ਇਸ਼ਕ ਦੇ ਰਾਹਾਂ ‘ਚ ਹੁਣ ਏਨੇ ਭੁਲੇਖੇ ਖਾਣ ਦੇ।
----
ਵਰਣਮਾਲ਼ਾ ਵਿਚ ਪਿਆ ਏਂ ਸ਼ਬਦ ਤੂੰ ਖਾਲੀ ਜਿਹਾ
ਜੇ ਕਿਸੇ ਦਾ ਬੋਲ ਬਣਨਾ ਤਾਂ ਜ਼ਰਾ ਪਹਿਚਾਣ ਦੇ।
----
ਹਰ ਘੜੀ ਆਉਂਦੀ ਹੈ ਲੈ ਕੇ ਆਸ ਜੀਵਨ ਦੇ ਲਈ,
ਪਰ ਤੂੰ ਅਪਣੇ ਆਪ ਵਲ ਨੂੰ ਰਾਸਤਾ ਤਾਂ ਆਣ ਦੇ।
----
ਇਕ ਹਨੇਰੇ ਰੌਸ਼ਨੀ ਦੀ ਜੰਗ ਸੀ ਆਪਾਂ ਲੜੀ,
ਤਾਜ ਦੋਹਾਂ ਦੇ ਸਿਰਾਂ ‘ਤੇ ਹੈ ਮਗਰ ਹੁਣ ਜਾਣ ਦੇ।
----
ਇਹ ਜੋ ਤੇਰੀ ਸੋਚ ਵਿਚ ਬੈਠਾ ਹੈ ਭੈੜਾ ਆਦਮੀ,
ਇਹ ਤੇਰੀ ਆਦਤ ਨਾ ਬਣ ਜਾਏ ਤੂੰ ਇਹਨੂੰ ਜਾਣ ਦੇ।
No comments:
Post a Comment