
ਹਿਜਰਾਂ ਦੀ ਰੁੱਤ ਘਣੀ ਵੇ ਮਾਹੀਆ
ਵਾਂਗ ਪਪੀਹੇ ਫਿਰਾਂ ਭਾਲ਼ਦੀ,
ਸਵਾਂਤ-ਬੂੰਦ ਦੀ ਕਣੀ ਵੇ ਮਾਹੀਆ.....
ਹਿਜਰਾਂ ਦੀ ਰੁੱਤ......
----
ਆਣ ਬਦਲ਼ੀਆਂ, ਜਾਣ ਬਦਲ਼ੀਆਂ
ਛਮ ਛਮ ਮੀਂਹ ਵਰਸਾਣ ਬਦਲ਼ੀਆਂ
ਇਕ ਧਰਤੀ ਦਾ ਲੂੰ ਲੂੰ ਭਿੱਜਿਆ,
ਇਕ ਧਰਤੀ ‘ਤੇ ਬਣੀ ਵੇ ਮਾਹੀਆ....
ਹਿਜਰਾਂ ਦੀ ਰੁੱਤ....
----
ਆਣ ਬਹਾਰਾਂ, ਜਾਣ ਬਹਾਰਾਂ,
ਬਾਗੀਂ ਫੁੱਲ ਖਿੜਾਣ ਬਹਾਰਾਂ,
ਪਰ ਇਕ ਫੁੱਲ ਦੀਆਂ ਅੱਖੀਆਂ ਵਿਚੋਂ,
ਪੀੜ-ਉਮਰ ਭਰ ਛਣੀ ਵੇ ਮਾਹੀਆ....
ਹਿਜਰਾਂ ਦੀ ਰੁੱਤ.....
----
ਡੰਗ ਨਾਗਾਂ ਦੇ ਜਿੰਦੜੀ ਖਾਧੇ,
ਰੁਸ ਗਏ ਸਾਥੋਂ ਜਿਵੇਂ ਸਪਾਧੇ,
ਪਰ ਨਾ ਸਾਨੂੰ ਉਸਨੇ ਡੰਗਿਆ,
ਜਿਸ ਦੇ ਮੱਥੇ ਮਣੀ ਵੇ ਮਾਹੀਆ....
ਹਿਜਰਾਂ ਦੀ ਰੁੱਤ......
No comments:
Post a Comment