
ਨਜ਼ਮ
ਭਰਿਆਂ ਸ਼ਹਿਰਾਂ ਦੀ ਵੀਰਾਨਗੀ
ਚੁਭਦੀ ਐ ਭੱਖੜੇ ਵਾਂਗ
ਤੁਰੀ ਜਾਂਦੀ ਭੀੜ ਦਾ ਰੌਲ਼ਾ ਵੀ
ਚੁੱਪ ਵਰਗਾ ਹੀ ਲਗਦਾ ਹੈ ।
ਅੰਦਰ ਉਬਲਣ ਲੱਗ ਪੈਂਦਾ ਹੈ
ਸਾਰੇ ਦਾ ਸਾਰਾ
ਲਾਵੇ ਵਾਂਗ
ਜ਼ਿਹਨ ਘੁੰਮ ਜਾਂਦਾ ਹੈ
ਭੰਬੀਰੀ ਵਾਂਗ
ਅੰਦਰੋਂ ਉਠਦਾ ਹੈ
ਗ਼ਮ ਦੇ ਵਰੋਲ਼ੇ ਵਰਗਾ ਕੁੱਝ ।
...................
ਇਸ ਘੁੰਮਣਘੇਰੀ ਵਿਚ
ਸਾਡੇ ਨੰਗੇ ਪਿੰਡੇ ’ਤੇ ਉੱਗ ਆਏ
ਸਲੂਣੇ ਹੰਝ ਵਿਚੋਂ
ਪ੍ਰਗਟ ਹੋ ਜਾਂਦਾ ਹੈ
ਦੂਰ ਦਿਸਦੀ-ਅਣਦਿਸਦੀ
ਯਾਦ ਦਾ ਖੁੱਲ੍ਹਾ ਮੈਦਾਨ....
ਜਿਸ ’ਤੇ ਉਭਰ ਆਉਂਦੇ ਹਨ
ਕੱਚ-ਕੁਆਰੇ ਮਰ ਗਏ ਸੁਪਨੇ
ਅਤੇ ਖ਼ਾਮੋਸ਼ ਹੋਏ
ਟੱਲੀ ਵਾਂਗ ਟਣਕਦੇ ਹਾਸੇ
ਜੀਹਦੇ ਵਿਚ ਟੁੱਟ ਗਈਆਂ
ਘੂਕਦਿਆਂ ਚਰਖਿਆਂ ਦੀਆਂ ਮਾਲ੍ਹਾਂ
ਬਲਦਾਂ ਦੇ ਗਲ਼ਾਂ ਦੀਆਂ ਘੁੰਗਰਾਲ਼ਾਂ
ਮੱਥੇ ਬੰਨ੍ਹੀਆਂ ਕੌਡੀਆਂ ਦੀਆਂ ਮਾਲ਼ਾਂ
.............................
ਘੁਣ ਨੇ ਖਾ ਲਏ ਹਨ...
ਪੰਜਾਲੀ, ਮੁਠੀਏ ’ਤੇ ਅਰਲਾਂ
ਸੁਹਾਗੇ ਦੀ ਪੱਤੀ ਨੂੰ ਖਾ ਗਿਆ ਜੰਗਾਲ
ਵਾਹਣ ਵੀ ਤਦੇ ਸੂਤ ਨਹੀਂ ਆਉਂਦੇ
ਮਾਂ ਦੀਆਂ ਪੇਕਿਆਂ ਤੋਂ ਲਿਆਂਦੀਆਂ
ਸੋਨੇ ਰੰਗੀਆਂ ਹੱਥੀਂ ਕੱਢੀਆਂ ਫੁਲਕਾਰੀਆਂ
ਪਸ਼ੂਆਂ ਦੇ ਸਿਆਲੂ ਝੁੱਲ ਬਣਕੇ
ਕਦੋਂ ਦੀਆਂ ਰਲ਼ ਗਈਆਂ ਹਨ
ਕੂੜੇ ਦੇ ਢੇਰ ਵਿਚ ।
...........................
ਭੈਣਾਂ ਦੀਆਂ ਚਾਵਾਂ ਨਾਲ ਕੱਢੀਆਂ
ਦਸੂਤੀ ਦੀਆਂ ਚਾਦਰਾਂ
ਹੁਣ ! ਸਮੇਂ ਦੇ ਮੇਚ ਨਹੀਂ ਰਹੀਆਂ ।
ਘਰਾਂ ਦੇ ਭੜੋਲੇ, ਗੋਹਲੇ, ਮੂਹੜੇ, ਬੋਹੀਏ ਤੇ ਪੱਖੀਆਂ
ਪਹੁੰਚ ਗਏ ਹਨ
ਸ਼ਹਿਰ ਦੇ ਮਿਊਜ਼ੀਅਮ ਵਿਚ
ਜਿੱਥੇ ਉਨ੍ਹਾਂ ਨੂੰ ਦੇਖਣ ਵਾਸਤੇ
ਸਾਡੇ ਬੱਚਿਆਂ ਨੂੰ
ਦਾਖਲਾ ਫੀਸ ਤਾਰਨੀ ਪੈਂਦੀ ਹੈ
..........................
ਪਤਾ ਨਹੀਂ ਇਹ ਹੀ ਹੁੰਦਾ ਹੈ
ਨਵੇਂ ਯੁੱਗ ਦਾ ਵੱਡਾ ਦਰਵਾਜਾ
ਜਾਂ ਉੱਤਰ-ਆਧੁਨਿਕੀ ‘ਪ੍ਰਵੇਸ਼ ਦੁਆਰ’ ।
ਜਿੱਥੇ ਸੜ ਜਾਂਦੀਆਂ ਹਨ
ਬਾਲ ਮਨਾਂ ਦੀਆਂ ਸੱਧਰਾਂ
ਬਾਬੇ-ਦਾਦੀ ਦੀਆਂ ਸੁਣਾਈਆਂ ਸੱਚੀਆਂ ਕਹਾਣੀਆਂ
ਵੀ ਝੂਠ ਲਗਦੀਆਂ ਹਨ
ਫੇਰ ਸਵਾਲ ਦਰ ਸਵਾਲ ਜੰਮਦੀਆਂ ਹਨ
ਮੱਥੇ ਦੀਆਂ ਤੀਊੜੀਆਂ
ਅਤੇ ਨਵੇਂ ਜੰਮੇ ਸਵਾਲ
ਚੁਭਦੇ ਹਨ, ਭੱਖੜੇ ਵਾਂਗ
ਸਾਡੇ ਮੱਥੇ ਵਿਚ ।
No comments:
Post a Comment