
ਨਜ਼ਮ
ਤੇਜੋ ਨੇ ਅੱਜ ਫੇਰ
ਧਰੇਕ ਵਾਂਗੂੰ ਵਧੀ ਜਾਂਦੀ
ਆਪਣੀ ਧੀ
ਛਿੰਦੋ ਨੂੰ ਝਿੜਕਿਆ ਹੈ।
.....................
“ਨੀ ਕੁਲੈਹਣੀਏਂ!
ਠਹਿਰ ਜਾਹ
ਐਡੀਆਂ ਕਾਹਲੀਆਂ ਨਾ ਕਰ
ਕਿਉਂ ਮੇਰੇ ਧੌਲੇ ਖੱਜਲ ਕਰਨ ਡਹੀ ਏਂ
ਹੋਰ ਚਾਰ ਦਿਹਾੜੇ ਅਟਕ ਜਾਹ।
ਹੋ ਲਵੀਂ ਤੂੰ ਵੀ ਜੁਆਨ....
.........................
“ਨਿੱਤ ਵਿਹੜੇ ‘ਚ ਖੜੋ
ਅੰਗੜਾਈਆਂ ਲੈਂਦੀ ਰਹਿੰਦੀ ਏਂ।
ਵਾਲ ਵਾਹੁੰਦੀ
ਕਿਰਨਾਂ ਵਰਗੇ ਗੀਤ ਗੁਣਗੁਣਾਉਂਦੀ ਏਂ।
ਅੱਡੀਆਂ ਕੂਚਦੀ
ਦੁਪਹਿਰਾਂ ਚਾੜ੍ਹ ਦਿੰਦੀ ਏਂ।
ਕੁਝ ਢਿੱਡ ਝੁਲਕੇ ਦੀ ਵੀ ਸੰਸਾ ਕਰਿਆ ਕਰ
ਮੇਰੇ ਬੁੱਢੇ ਅੰਗਾਂ ਨੂੰ
ਸਹਾਰਾ ਦੇਣ ਦੀ ਵੀ ਸੋਚਿਆ ਕਰ।”
..............................
“ਅਗਲੇ ਵਰ੍ਹੇ ਆਪਣੀ ਪੰਜ ਕਲਿਆਣੀ ਝੋਟੀ
ਨਵੇਂ ਦੁੱਧ ਹੋ ਜੂ
ਕਿਸੇ ਨੂੰ ਉਸਦਾ ਸੰਗਲ ਫੜਾ
ਤੇਰਾ ਡੋਲਾ ਤੋਰ ਦੂੰ ‘ਗੀ
ਫੇਰ ਕਰ ਲਵੀਂ ਇਹ ਸਾਰੇ ਸ਼ੌਂਕ ਪੂਰੇ।”
............................
(ਪਰ) ਕਦੋਂ ਸੁਣਦੀ ਸੀ
ਸੋਲ੍ਹਵੇਂ ਨੂੰ ਢੁੱਕੀ
ਛਿੰਦੋ
ਉਹ ਤਾਂ ਟਪੂਸੀ ਮਾਰ
ਮਾਂ ਦੀ ਝਿੜਕ ਦੀਆਂ
ਭੀੜੀਆਂ ਬਾਹਵਾਂ ‘ਚੋਂ
ਪਤਲਾ ਜਿਹਾ ਨਹੋਰਾ ਮਾਰ
ਤਿਲਕ ਗਈ।
ਆਪਣੀ ਚੁੰਨੀ ਸਿਰ ਤੋਂ ਖਿਸਕਾ
ਮੋਢਿਆਂ ਤੋਂ ਦੀ...
ਹਿੱਕ ਤੇ ਵਿਛਾ ਲਈ।
........................
ਸੁੰਨੀ ਗਲੀ ‘ਚ ਹਾਸੇ ਦੀ ਲਕੀਰ ਵਾਹ
ਪੋਲਾ ਜਿਹਾ ਮੁਸਕਰਾਈ-
“ਸਿਰ ਤੇ ਚੁੰਨੀ ਦਾ ਸਿਰਫ਼
ਵਿਹੜੇ ਦੀਆਂ ਕੰਧਾਂ ਨਾਲ ਹੀ
ਰਿਸ਼ਤਾ ਹੁੰਦਾ ਹੈ
ਗਲ਼ੀਆਂ ਤੋਂ ਕਿਉਂ ਸੰਗਦੀ ਫਿਰਾਂ?”
................
ਸੱਥ ਵਿਚ ਗਰਨਿਆਂ ਤੇ ਬੈਠੀ
ਢਲ਼ੀ ਰੁੱਤ ਦੀ ਦੰਦ-ਕਥਾ
ਮੱਛਰੇ ਲੰਬੜ ਦੇ ਪੁੱਤਾਂ ਵਾਂਗੂੰ
ਚਗਲ਼ੀਆਂ ਗੱਲਾਂ ਤੇ ਉੱਤਰ ਆਈ।
...........................
ਬਚਨੇ ਅਮਲੀ ਨੇ ਕੰਡੇਰਨੇ ਵਰਗੀ
ਦਾਹੜੀ ਤੇ ਰਾਲ੍ਹ ਸੁੱਟਦਿਆਂ
ਖੰਘੂਰਾ ਮਾਰਿਆ,
“ਕਿੱਡਾ ਕੱਦ ਕੱਢਿਆ ਮਰ ਜਾਣੀ ਤੇਜੋ ਦੀ ਧੀ ਨੇ
ਇਹ ਤਾਂ ਸਾਰੇ ਪਿੰਡ ਦੇ ਮੁੰਡੇ ਪੱਟ ਦੂ।
ਵੇਖੇਂ ਨਾ ਬਾਈ ਸਿਆਂ
ਮੇਰੇ ਸਾਲੇ ਦੀ ਕਿਵੇਂ
ਦੁਪੱਟੇ ਦੀਆਂ ਕੰਨੀਆਂ ਲੜ
ਸਿਖਰ ਦੁਪਹਿਰਾਂ ਬੰਨ੍ਹੀ ਫਿਰਦੀ ਹੈ।
ਬੁੱਲ੍ਹਾਂ ਤੇ
ਹਾਸਿਆਂ ਦੇ ਲੇੜ ਚਾੜ੍ਹੀ ਫਿਰਦੀ ਹੈ।
ਧਰਤੀ ਤੇ ਪੱਬ ਹੀ ਨਹੀਂ ਲਾਉਂਦੀ।
ਏਡੀ ਲੋਹੜੇ ਮਾਰ ਵਾਸ਼ਨਾ ਦੀ
ਮੁੰਡੀਰ ਪੈੜ ਦੱਬੂ ਨਾ ਤੇ ਕੀ ਕਰੂ-
ਸਾਰੇ ਪਿੰਡ ਦਾ ਨੱਕ ਵੱਢਿਆ ਜਾਣੈ।”
.............................
“ ਸਰਪੰਚ ਨੂੰ ਆਖੋ ਕਿ ਹੁਣੇ
ਤੇਜੋ ਨੂੰ ਸੱਥ ਵਿਚ ਤਲਬ ਕਰੇ
ਤੇ ਨਾਲ ਹੀ
ਕੰਮੀਆਂ ਦੇ ਵਿਹੜੇ
ਢੰਡੋਰਾ ਵੀ ਫਿਰਾ ਦੇਵੇ
ਕਿ
ਉਹ ਆਪਣੀਆਂ ਧੀਆਂ ਨੂੰ
ਜੁਆਨ ਹੋਣੋ ਰੋਕਣ
ਵਰਨਾ
ਨਤੀਜੇ ਚੰਗੇ ਨਹੀਂ ਨਿਕਲਣੇ।”
No comments:
Post a Comment