ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, August 2, 2009

ਉਂਕਾਰਪ੍ਰੀਤ - ਗ਼ਜ਼ਲ

ਸਾਹਿਤਕ ਨਾਮ: ਉਂਕਾਰਪ੍ਰੀਤ

ਮੌਜੂਦਾ ਨਿਵਾਸ: ਟਰਾਂਟੋ, ਕੈਨੇਡਾ

ਕਿਤਾਬਾਂ: ਤਿੰਨ ਸੰਗ੍ਰਹਿ: ਮਿੱਪਲ ਦੀ ਕੈਨਵਸ, ਪ੍ਰਗਟਿਓ ਖਾਲਸਾ, ਆਜ਼ਾਦੀ ਦੇ ਜਹਾਜ਼ ਪ੍ਰਕਾਸ਼ਿਤ ਹੋ ਚੁੱਕੇ ਹਨ। ਉਂਕਾਰਪ੍ਰੀਤ ਜੀ ਗੀਤ, ਗ਼ਜ਼ਲ, ਨਜ਼ਮ, ਕਹਾਣੀ ਅਤੇ ਆਲੋਚਤਾਨਮਕ ਲੇਖ ਲਿਖਦੇ ਹਨ। ਉਹਨਾਂ ਦੀਆਂ ਖ਼ੂਬਸੂਰਤ ਰਚਨਾਵਾਂ ਸਿਰਕੱਢ ਮੈਗਜ਼ੀਨਾਂ ਅਤੇ ਅਖ਼ਬਾਰਾਂ ਚ ਛਪਦੀਆਂ ਰਹਿੰਦੀਆਂ ਹਨ।

----

ਦੋਸਤੋ! ਅੱਜ ਉਂਕਾਰਪ੍ਰੀਤ ਜੀ ਨੇ ਮੇਰੀ ਬੇਨਤੀ ਸਵੀਕਾਰ ਕਰਦਿਆਂ, ਆਰਸੀ ਲਈ ਆਪਣੀਆਂ ਲਿਖਤਾਂ ਭੇਜ ਕੇ ਅਦਬੀ ਮਹਿਫ਼ਿਲ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਮੈਂ ਸਾਰੇ ਪਾਠਕ/ਲੇਖਕ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ, ਉਹਨਾਂ ਦਾ ਇੱਕ ਬੇਹੱਦ ਖ਼ੂਬਸੂਰਤ ਸਾਹਿਤਕ ਗੀਤ, ਇੱਕ ਗ਼ਜ਼ਲ ਅਤੇ ਇੱਕ ਨਜ਼ਮ ਨੂੰ ਆਰਸੀ ਚ ਅਤੇ ਉਹਨਾਂ ਦੇ ਟਰਾਂਟੋ, ਕੈਨੇਡਾ ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ 2009 ਦੇ ਨਾਮ ਲਿਖੇ ਖੁੱਲ੍ਹੇ ਖ਼ਤ ਨੂੰ ਵਿਸ਼ੇਸ਼ ਤੌਰ ਤੇ ਆਰਸੀ ਰਿਸ਼ਮਾਂ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

********

ਗ਼ਜ਼ਲ

ਜੀਭਾਂ ਤੇ ਕੰਨਾਂ ਦੇ ਦਰੋਂ,

ਲੈ, ਰੂਹ-ਦਿਲ ਦੇ ਘਰ ਗਈ

ਇਕ ਤਾਂਘ ਕਵਿਤਾ ਜੀਣ ਦੀ,

ਸ਼ਾਇਰ ਨੂੰ ਜ਼ਿੰਦਾ ਕਰ ਗਈ

----

ਤੇਰੀ ਨਜ਼ਰ ਨੇ ਪੀ ਲਿਆ,

ਹਰ ਇਕ ਮਾਰੂਥਲ ਮੇਰਾ

ਬਰਸਾਤ ਤੇਰੀ ਪਿਆਸ ਦੀ,

ਮੈਨੂੰ ਸਮੁੰਦਰ ਕਰ ਗਈ

----

ਚੁੰਮਣ ਇੱਕ ਦਾ ਨਿਕਲਿਆ,

ਧਰਤੀ ਗਗਨ ਵਿੱਚ ਫਾਸਲਾ

ਚੁੰਮ ਕੇ ਤੂੰ ਮੇਰੀ ਧਰਤ ਨੂੰ,

ਆਕਾਸ਼-ਗੰਗਾ ਕਰ ਗਈ

----

ਤਿਰੇ ਇਸ਼ਕ ਦੀ ਮਘਦੀ ਕਣੀ,

ਇਸ ਤੋਂ ਹੀ ਹਰ ਧੜਕਣ ਬਣੀ

ਜੀ ਨਾ ਸਕੇਗੀ ਜ਼ਿੰਦਗੀ,

ਜੇਕਰ ਕਣੀ ਇਹ ਠਰ ਗਈ

----

ਕਵਿਤਾ, ਨਾ ਕੋਈ ਗੀਤ ਹੈ,

ਇਹ ਤਾਂ ਉਹ ਤੇਰੀ ਪ੍ਰੀਤ ਹੈ

ਛੋਹ ਛੋਹ ਦਿਲਾਂ ਦੇ ਵਰਕੇ ਜੋ

ਬਣ ਲੋਅ ਦੇ ਅੱਖਰ ਗਈ

=====

ਖੰਡ-ਪਾਠ

ਨਜ਼ਮ

ਕੱਚੇ ਰਾਹੇ ਪਿੰਡ ਦੇ

ਛੱਟੇ ਸੁੱਚੇ ਸੁੱਚੇ ਜਲ ਦੇ

ਨੰਗੇ ਨੰਗੇ ਪੈਰ ਪਿਤਾ

ਸਿਰ ਤੇ ਗੁਰੂ ਗ੍ਰੰਥ

ਸੁੱਚੇ ਸੁੱਚੇ ਕਦਮ ਪੁੱਟਦਾ

...........

ਇਕ ਪਿਤਾ ਸਿਰ ਗ੍ਰੰਥ ਚਾਇਆ

ਇਕ ਪਿਤਾ

ਸੁੱਚੇ ਜਲ ਸਮਾਇਆ

..............

ਇਕ ਮਾਤ ਉਡੀਕੇ

ਦਰਾਂ ਦੇ ਅੰਦਰਵਾਰ

ਹੱਥ ਸ਼ੀਸ਼ੀ ਤੇਲ ਦੀ

ਇਕ ਮਾਤ,

ਨੰਗੇ ਨੰਗੇ ਪੈਰ ਪਿਤਾ, ਹੇਠ ਵਿਛੀ

ਸੁੱਚੇ ਸੁੱਚੇ ਜਲਾਂ ਨਾਲ

ਕੁੱਖ ਜਿਸਦੀ ਤ੍ਰਿਪਤਦੀ

ਭਾਈ ਸੰਖਪੂਰਦਾ

ਵਿੱਚ ਕੁੰਨ ਨਾਦ

ਜ਼ਾਹਿਰਾ ਜ਼ਹੂਰ ਦਾ

.............

ਧੁੱਪੀ ਧੁੱਪੀ ਪੌਣ ਰੁਮਕਦੀ

ਮਹਿਕੀ ਮਹਿਕੀ ਗੁਰ-ਸ਼ਬਦ ਦੀ

ਗਗਨ ਚੰਦੋਆ ਤਣਿਆ

ਕੱਚੇ ਰਾਹ ਦਾ ਰੁੱਖ ਰੁੱਖ, ਚੌਰ ਬਣਿਆ

ਜ਼ੱਰਾ ਜ਼ੱਰਾ ਗੁਰ-ਵਾਕ

ਦਹਿਦਿਸ ਆਖੰਡ-ਪਾਠ

...............

ਸਿਰ ਗ੍ਰੰਥ ਚਾਈ ਪਿਤਾ

ਚਾਰ ਦੁਆਰੀ ਵੱਲ ਵੱਧ ਰਿਹਾ

ਮੂਹਰੇ ਦਰ ਲੋਹੇ ਦਾ

ਵਿੱਚ ਖੜ੍ਹੀ ਉਡੀਕੇ ਮਾਤਾ

ਅੰਦਰ

ਕੰਧਾਂ ਵਿੱਚ ਮੇਖਾਂ ਬੱਧੀ ਚਾਨਣੀ ਹੇਠ

ਰੌਲ਼ਾਂ ਦੀ ਲਿਸਟ, ਉਡੀਕਦੀ

ਇਕ-ਪਾਠ ਖੰਡਿਤਕਰਨ ਲਈ

=====

ਗੀਤ

ਉਡਦੇ ਉਡਦੇ ਆਓ

ਜਿਸਮਾਂ ਚੋਂ ਗੁਜ਼ਰੋ,

ਦਿਲਾਂ ਚ ਉਤਰੋ,

ਰੂਹ ਦਾ ਗੀਤ ਸੁਣਾਓ

----

ਕੰਧਾਂ-ਮੱਲੇ ਰਸਤੇ ਸਾਰੇ,

ਪਥਰਾਏ ਪਾਂਧੀ-ਪੰਧ ਬੇਚਾਰੇ

ਰੂਹ ਵਿਚ ਭਿਉਂ-ਭਿਉਂ, ਪੌਣ ਦਾ ਫੰਭਾ,

ਬੁੱਤਾਂ ਨਾਲ ਛੁਹਾਓ

ਉਡਦੇ ਉਡਦੇ ਆਓ

----

ਬਸਤੀ-ਬਸਤੀ ਨੇਰ੍ਹ-ਸਿੰਘਾਸਣ,

ਖੰਡਰੀਂ ਭਟਕੇ ਬਾਗ਼ੀ-ਚਾਨਣ

ਬਾਲ਼ ਕੇ ਚਾਨਣ ਨਾਲ ਪਰਾਂ ਨੂੰ,

ਬਸਤੀ ਬਸਤੀ ਰੁਸ਼ਨਾਓ

ਉਡਦੇ ਉਡਦੇ ਆਓ

----

ਨਜ਼ਰੋਂ ਲਹਿਣ ਪਾਖੰਡੀ ਪਰਦੇ,

ਕੰਧਾਂ ਉਪਰੋਂ ਲੇਬਲ ਘਰ ਦੇ

ਮਿਲਣ ਰੂਹਾਂ ਜਿਸ ਵਿਚ ਉਡ ਉਡ,

ਉਹ ਨੇਰੀ ਬਣ ਝੁੱਲ ਜਾਓ

ਉਡਦੇ ਉਡਦੇ ਆਓ

----

ਇਸ ਪਿੰਡ ਨਕਾਰੇ ਢੋਲ ਨਗਾਰੇ

ਸੱਚੋਂ ਮੁਨਕਰ ਸਭ ਹਰਕਾਰੇ

ਬੁੱਲਿਓ ਵੇ! ਹੁਣ ਫਿਰ ਮਿੱਤਰਾਂਤਕ

ਦਿਲ ਦਾ ਹਾਲ ਪੁਜਾਓ

ਉਡਦੇ ਉਡਦੇ ਆਓ

----

ਜੀਣਾ-ਮਜਬੂਰੀ ਰੀਤ ਜਿਨ੍ਹਾਂ ਲਈ,

ਢਾਈ-ਅੱਖਰ’,‘ਪ੍ਰੀਤਜਿਨ੍ਹਾਂ ਲਈ

ਉਹਨਾਂ ਕਲਮਾਂ ਦੀ ਕੈਦ ਦੇ ਵਿੱਚੋਂ,

ਗ਼ਜ਼ਲਾਂ, ਗੀਤ ਛੁਡਾਓ

ਉਡਦੇ ਉਡਦੇ ਆਓ


No comments: