ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, August 8, 2009

ਕਮਲ ਕੰਗ - ਗੀਤ

ਘਟਾ ਸਾਉਣ ਦੀ

ਗੀਤ

ਜਦ ਘਟਾ ਸਾਉਣ ਦੀ ਵਰ੍ਹਦੀ ਹੈ, ਮੇਰੀ ਜਿੰਦ ਬਿਰਹੋਂ ਸੰਗ ਠਰਦੀ ਹੈ

ਕੁਝ ਤੇਰੀਆਂ ਮੇਰੀਆਂ ਗੱਲਾਂ ਓਹ, ਪੌਣਾਂ ਦੇ ਸੰਗ ਕਰਦੀ ਹੈ

ਜਦ ਘਟਾ ਸਾਉਣ ਦੀ ਵਰ੍ਹਦੀ ਹੈ, ਮੇਰੀ ਜਿੰਦ....

----

ਜਦੋਂ ਵਰਾਂਡੇ ਵਿੱਚ ਹੈ ਆਉਂਦੀ, ਵਾਛੜ ਠਰੀਆਂ ਕਣੀਆਂ ਦੀ,

ਮੈਨੂੰ ਆਉਂਦੀ ਯਾਦ ਉਦੋਂ ਹੀ, ਮੇਰੀ ਜਿੰਦ ਤੇ ਬਣੀਆਂ ਦੀ

ਤੂੰ ਵੀ ਆਜਾ ਸਾਉਣ ਦੇ ਵਾਂਗੂੰ, ਬਣ ਕੇ ਬੁੱਲਾ ਪੌਣ ਦੇ ਵਾਂਗੂੰ

ਮਰਜਾਣੀ ਇਹ ਰੁੱਤ ਅਠਖੇਲੀਆਂ ਕਰਦੀ ਹੈ,

ਜਦ ਘਟਾ ਸਾਉਣ ਦੀ ਵਰ੍ਹਦੀ ਹੈ, ਮੇਰੀ ਜਿੰਦ....

----

ਕਦੇ ਕਦੇ ਕੋਈ ਕਾਲ਼ੀ ਬੱਦਲੀ, ਪਿੰਡ ਦੇ ਉੱਤੇ ਛਾ ਜਾਂਦੀ ਹੈ,

ਜੀਅ ਜਨੌਰ ਤੇ ਪਿੰਡ ਦੇ ਬੱਚੇ, ਸਭ ਨੂੰ ਝੂੰਮਣ ਲਾ ਜਾਂਦੀ ਹੈ

ਰਹਿ ਜਾਵਾਂ ਮੈਂ ਕੱਲੀ-ਕਾਰੀ, ਹਿਜਰ 'ਚ ਸੜ੍ਹਦੀ ਇਕ ਦੁਖਿਆਰੀ

ਉਸ ਵੇਲ਼ੇ ਜੋ ਤਿਲ਼ ਤਿਲ਼ ਕਰਕੇ ਮਰਦੀ ਹੈ,

ਜਦ ਘਟਾ ਸਾਉਣ ਦੀ ਵਰ੍ਹਦੀ ਹੈ, ਮੇਰੀ ਜਿੰਦ....

----

ਮਾਲੀ ਦੇ ਬਿਨ ਬਾਗ਼ 'ਚ ਭਲਿਆ, ਕੀਕਣ ਫੁੱਲ ਕਦੀ ਖਿੜਿਆ ਵੇ,

'ਕੰਗ' ਮੁਕਾ ਕੇ ਪੰਧ ਲੰਮੇਰੇ, ਖੋਹਲ ਤੂੰ ਬੂਹਾ ਭਿੜਿਆ ਵੇ

ਹਿਜਰ ਦਾ ਨ੍ਹੇਰਾ ਵਧਦਾ ਜਾਵੇ, ਤੇਲ ਦੀਵੇ 'ਚੋਂ ਘਟਦਾ ਜਾਵੇ

ਆ ਜਾ ਤੇਰੀ ਕਮਲ਼ੀ ਹਉਕੇ ਭਰਦੀ ਹੈ,

ਜਦ ਘਟਾ ਸਾਉਣ ਦੀ ਵਰ੍ਹਦੀ ਹੈ, ਮੇਰੀ ਜਿੰਦ....


No comments: