ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, August 9, 2009

ਡਾ: ਸੁਖਪਾਲ - ਨਜ਼ਮ

ਬੀਜ

ਨਜ਼ਮ

ਮੈਂ-

ਨਿੱਕਾ ਜਿਹਾ ਬੀਜ ਹੀ ਸਹੀ

ਚੱਕੀ ਵਿਚ ਦਾਣਾ ਬਣ ਕੇ ਨਹੀਂ ਪਿਸਾਂਗਾ

ਉਸ ਦੀ ਕਿਸੇ ਤ੍ਰੇੜ ਵਿਚੋਂ

ਛਿੱਲੇ ਹੋਏ ਅੰਗਾਂ ਨਾਲ਼

ਧਰਤੀ ਦੀ ਵਿਰਲ ਵਿਚ

ਉਤਰ ਜਾਵਾਂਗਾ

..............

ਇੱਕ ਰੁੱਖ-

ਸੈਆਂ ਫੁੱਲ-

ਹਜ਼ਾਰਾਂ ਨਵੇਂ ਬੀਅ-

ਬਣ ਵਿਗਸਾਂਗਾ

................

ਮੈਂ ਨਿੱਕਾ ਸਹੀ

ਮੇਰਾ ਪਸਾਰ ਨਿੱਕਾ ਨਹੀਂ

=======

ਸੱਭੋ ਥਾਈਂ

ਨਜ਼ਮ

ਸਮੁੰਦਰ ਨਾ ਬਣਾਂ

ਨਾ ਹੀ ਬੱਦਲ਼

ਨਾ ਹੀ ਦਰਿਆ ਬਣਾਂ

ਨਾ ਵਰਖਾ

........

ਮੈਂ ਬੂੰਦ ਬਣਾਂ

ਸੱਭੋ ਥਾਈਂ ਰਹਾਂ

======

ਮੌਨ ਅਤੇ ਪ੍ਰਵਚਨ

ਨਜ਼ਮ

ਮੈਂ ਮੌਨ ਉਤੇ ਪ੍ਰਵਚਨ ਸੁਣਿਆ

ਅਸਹਿਜ ਹੋ ਗਿਆ

............

ਮੈਂ ਆਪ ਮੌਨ ਹੋਇਆ

ਸਹਿਜ ਪਰਤ ਆਇਆ

1 comment:

baljitgoli said...

nazam beej is fantastic.........