
ਅਜੋਕਾ ਨਿਵਾਸ: ਚੰਡੀਗੜ੍ਹ, ਪੰਜਾਬ
ਕਿਤਾਬਾਂ: ਇਸ ਬਾਬਤ ਹਾਲੇ ਕੋਈ ਜਾਣਕਾਰੀ ਨਹੀਂ ਪਹੁੰਚੀ।ਜਿਉਂ ਹੀ ਜਾਣਕਾਰੀ ਪਹੁੰਚੇਗੀ, ਅਪਡੇਟ ਕਰ ਦਿੱਤੀ ਜਾਵੇਗੀ।
---
ਦੋਸਤੋ! ਜਰਮਨੀ ਵਸਦੇ ਲੇਖਕ ਕੇਹਰ ਸ਼ਰੀਫ ਜੀ ਨੇ ਅੱਜ ਸ਼ਾਮ ਸਿੰਘ ( ਮਸ਼ਹੂਰ ਕਾਲਮ ‘ਅੰਗ-ਸੰਗ’ ਦੇ ਲੇਖਕ ) ਜੀ ਦੀਆਂ ਦੋ ਖ਼ੂਬਸੂਰਤ ਨਜ਼ਮਾਂ ਭੇਜ ਕੇ ਉਹਨਾਂ ਦੀ ਪਹਿਲੀ ਵਾਰ ਆਰਸੀ ਪਰਿਵਾਰ ਨਾਲ਼ ਸਾਹਿਤਕ ਸਾਂਝ ਪਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ। ਸ਼ਾਮ ਸਿੰਘ ਜੀ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਅੱਜ ਉਹਨਾਂ ਦੀਆਂ ਦੋਵਾਂ ਨਜ਼ਮਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
******
ਬਾਬਰ-ਸ਼ਾਹੀ
ਨਜ਼ਮ
ਕਹੁ ਕਿਆ ਚੰਗਾ ਕਹੀਏ ਏਥੇ
ਨਜ਼ਰ ਆਵੇ ਬੁਰਿਆਈ।
ਅੱਜ ਵੀ ਸਮੇਂ ਦੇ ਤਖ਼ਤਾਂ ਉੱਤੇ
ਉਹੀਓ ਬਾਬਰ-ਸ਼ਾਹੀ।
----
ਅੱਜ ਵੀ ਹਿਟਲਰ, ਮਸੋਲੀਨੀ
ਜੰਗਬਾਜ਼ ਨੇ ਛਾਏ
ਅੱਜ ਵੀ ਸਮੇਂ ਦੇ ਪੈਂਡੇ ਉੱਤੇ
ਬਾਰੂਦਾਂ ਦੇ ਸਾਏ।
----
ਲਹੂ ਦਾ ਵਪਾਰ ਨੇ ਕਰਦੇ
ਕੁੱਝ ਦੇਸਾਂ ਦੇ ਨੇਤਾ।
ਮਾਨਵਤਾ ਦਾ ਕਤਲ ਨੇ ਕਰਦੇ
ਮਾਨਵਤਾ ਦੇ ਨੇਤਾ।
----
ਅੱਜ ਵੀ ਮਲਕ ਭਾਗੋ ਏਥੇ
ਬੈਠੇ ਪੈਂਠ ਜਮਾਈ।
ਅੱਜ ਵੀ ਸੱਜਣਾਂ ਦੇ ਹੀ ਸੱਜਣ
ਫਿਰਦੇ ਲੁੱਟ ਮਚਾਈ।
----
ਉਹੀਓ ਜ਼ਾਲਮ, ਜ਼ੁਲਮ, ਤਸ਼ੱਦਦ
ਉਹੀਓ ਰੁੱਤ ‘ਕਰਾਰੀ’।
ਕਾਲ਼ਾ ਸੂਰਜ ਧੁੱਪ ਕਾਲ਼ੀ ਹੈ
ਹਰ ਪਾਸੇ ਅੰਧਕਾਰੀ।
----
ਪਰਦਿਆਂ ਓਹਲੇ ਧਰਮ ਬਿਠਾਇਆ
ਭੇਖਾਂ ਦੀ ਰੁੱਤ ਛਾਈ।
ਲਾਲੋ ਦੀ ਜਨਤਾ ਪਈ ਰੋਵੇ
ਭੁੱਖ ਦੇ ਦੇਸ ਤਿਹਾਈ।
----
ਕਤਲਗਾਹਾਂ ’ਤੇ ਮਚਿਆ ਸ਼ੋਰ
ਵਕਤ ਹੈ ਨਿਰਾ ਕਸਾਈ।
ਅੱਜ ਵੀ ਸਮੇਂ ਦੇ ਵਕਤਾਂ ਉੱਤੇ
ਉਹੀਓ ਬਾਬਰ-ਸ਼ਾਹੀ।
=======
ਮਾਵਾਂ ਭੈਣਾਂ
ਨਜ਼ਮ
ਸਾਡੀਆਂ ਭੈਣਾਂ ਸਾਡੀਆਂ ਮਾਵਾਂ
ਉਡਦੇ ਪੰਛੀ ਦਾ ਪ੍ਰਛਾਵਾਂ।
ਜਦ ਵੀ ਸਾਡੇ ਸੁਪਨ ਗੁਆਚਣ
ਸਾਡੀਆਂ ਧੀਆਂ ਕਰਨ ਦੁਆਵਾਂ।
----
ਸਾਡੀਆਂ ਭੈਣਾਂ ਸਾਡੀਆਂ ਮਾਵਾਂ
ਵਗਦੇ ਪਾਣੀਆਂ ਦਾ ਸਿਰਨਾਵਾਂ।
ਲਹਿਰਾਂ ਬਣ ਬਣ ਕਦੇ ਦਿਸਦੀਆਂ
ਸਾਗਰ ਵਿਚ ਤਰਦੀਆਂ ਰਾਹਵਾਂ।
----
ਸਾਡੀਆਂ ਭੈਣਾਂ ਸਾਡੀਆਂ ਮਾਵਾਂ
ਅੰਬਰ ਵਿਚ ਉਡਦੀਆਂ ਚਾਹਵਾਂ।
ਤਾਰਿਆਂ ਨੂੰ ਗਲਵਕੜੀ ਪਾ ਕੇ
ਰੋਸ਼ਨ ਕਰਦੀਆਂ ਸਭੇ ਦਿਸ਼ਾਵਾਂ।
----
ਸਾਡੀਆਂ ਭੈਣਾਂ ਸਾਡੀਆਂ ਮਾਵਾਂ
ਸਾਂਭ ਨਾ ਸਕਣ ਖੁਸ਼ੀ ਨਾ ਚਾਵਾਂ।
ਮਨ ਦਾ ਭੇਤ ਨਾ ਕਿਤੇ ਫਰੋਲਣ
ਹਰ ਪਲ ਰੱਖਦੀਆਂ ਸਾਵਾਂ-ਸਾਵਾਂ।
----
ਸਾਡੀਆਂ ਭੈਣਾਂ ਸਾਡੀਆਂ ਮਾਵਾਂ
ਦੁਖਦੀ ਰਗ ’ਚੋਂ ਲੰਘਦੀਆਂ ਰਾਹਵਾਂ।
ਧੁੱਪਾਂ ਦੇ ਵਿਚ ਤਪਦੇ ਛਿਣ ਨੂੰ
ਆਪਣੇ ਹੱਥੀਂ ਕਰਦੀਆਂ ਛਾਵਾਂ।
----
ਸਾਡੀਆਂ ਭੈਣਾਂ ਸਾਡੀਆਂ ਮਾਵਾਂ
ਪੂਰੇ ਜੰਨਤ ਦਾ ਦ੍ਰਿਸ਼ਨਾਵਾਂ।
ਅੰਬਰਾਂ ਤੀਕਰ ਲੱਭਣ ਜਾਉ
ਇਨ੍ਹਾਂ ਜਹੀਆਂ ਮਿਲਣ ਨਾ ਥਾਵਾਂ।
----
ਸਾਡੀਆਂ ਭੈਣਾਂ ਸਾਡੀਆਂ ਮਾਵਾਂ
ਪ੍ਰੇਮ ਮੁਹੱਬਤ ਦੀਆਂ ਗਾਥਾਵਾਂ।
ਕੱਚਿਆਂ ਨੂੰ ਵੀ ਤਰਨ ਸਿਖਾਵਣ
ਪ੍ਰੇਮ ਦੇ ਵੱਲ ਨੂੰ ਖੁੱਲ੍ਹੀਆਂ ਬਾਹਵਾਂ।
----
ਸਾਡੀਆਂ ਭੈਣਾਂ ਸਾਡੀਆਂ ਮਾਵਾਂ
ਮੈਂ ਇਨ੍ਹਾਂ ਤੋਂ ਸਦਕੇ ਜਾਵਾਂ।
ਉਮਰਾਂ ਸਿਰ ’ਤੇ ਚੁੱਕੀ ਫਿਰਦੀਆਂ
ਮਨ ’ਚ ਸਾਂਭੀ ਚਾਰ ਕੁ ਲਾਵਾਂ।
No comments:
Post a Comment